ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਉਨ੍ਹਾਂ ਅੱਜ ਇੱਥੇ ਕਾਂਗਰਸ ਭਵਨ ’ਚ ਪਾਰਟੀ ਦੇ ਆਗੂਆਂ ਤੋਂ ਫੀਡਬੈਕ ਲੈਣੀ ਸ਼ੁਰੂ ਕੀਤੀ ਹੈ ਤਾਂ ਜੋ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਜਾ ਸਕੇ। ਸਿੱਧੂ ਨੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਢਾਂਚੇ ਨੂੰ ਨਵੇਂ ਸਿਰਿਓਂ ਉਲੀਕਣ ਲਈ ਅੱਜ ਜ਼ਿਲ੍ਹਾ ਪੱਧਰ ਅਤੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਦੇ ਮੁੱਖ ਆਗੂਆਂ ਨਾਲ ਮੰਥਨ ਕੀਤਾ। ਪ੍ਰਧਾਨ ਨੇ ਸਾਰਿਆਂ ਆਗੂਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ- ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਨੇ ਅੱਜ ਸਾਂਝੇ ਤੌਰ ’ਤੇ ਪਾਰਟੀ ਦੇ 35 ਵਿਭਾਗਾਂ/ਸੈੱਲਾਂ ਨਾਲ ਜੁੜੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਆਗੂਆਂ ਤੋਂ ਅਗਲੀਆਂ ਚੋਣਾਂ ਨੂੰ ਲੈ ਕੇ ਵਿਉਂਤਬੰਦੀ ਬਾਰੇ ਮਸ਼ਵਰੇ ਲਏ। ਮੀਟਿੰਗ ਦਾ ਮਕਸਦ ਪਾਰਟੀ ਦੇ ਅਲੱਗ-ਅਲੱਗ ਸੈੱਲਾਂ ਅਤੇ ਵਿੰਗਾਂ ਨੂੰ ਮਜ਼ਬੂਤ ਕਰਨਾ ਹੈ। ਵੇਰਵਿਆਂ ਅਨੁਸਾਰ ਪਾਰਟੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਨੁਕਤੇ ਸੁਝਾਏ ਹਨ ਅਤੇ ਵਰਕਰਾਂ ’ਚ ਮੁੜ ਜਾਨ ਫੂਕਣ ਲਈ ਪੰਜਾਬ ਦੇ ਦੌਰੇ ਕਰਨ ਦੀ ਸਲਾਹ ਦਿੱਤੀ ਹੈ। ਪਾਰਟੀ ਵਰਕਰਾਂ ਦੇ ਗ਼ਿਲੇ-ਸ਼ਿਕਵਿਆਂ ਤੋਂ ਆਗੂਆਂ ਨੇ ਨਵੇਂ ਪ੍ਰਧਾਨ ਨੂੰ ਜਾਣੂ ਕਰਾਇਆ ਹੈ। ਚੇਤੇ ਰਹੇ ਕਿ ਨਵਜੋਤ ਸਿੱਧੂ ਨੇ ਤਾਜਪੋਸ਼ੀ ਵਾਲੇ ਦਿਨ ਕਿਹਾ ਸੀ ਕਿ ਉਹ 15 ਅਗਸਤ ਤੋਂ ਆਪਣਾ ਬਿਸਤਰਾ ਕਾਂਗਰਸ ਭਵਨ ਵਿਚ ਲਾ ਲੈਣਗੇ। ਇਹ ਵਾਅਦਾ ਕੀਤਾ ਸੀ ਕਿ ਉਹ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦੇਣਗੇ ਅਤੇ ਹਰ ਵਰਕਰ ਹੁਣ ਪ੍ਰਧਾਨ ਬਣ ਗਿਆ ਹੈ।
ਪਤਾ ਲੱਗਾ ਹੈ ਕਿ ਉਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਗੇ। ਨਵੇਂ ਪ੍ਰਧਾਨ ਵੱਲੋਂ ਬੂਥ ਪੱਧਰ ’ਤੇ ਕਮੇਟੀਆਂ ਕਾਇਮ ਕਰਨ ਦੀ ਯੋਜਨਾਬੰਦੀ ਹੈ। ਪੰਜਾਬ ਵਿਚ ਨਵਾਂ ਜਥੇਬੰਦਕ ਢਾਂਚਾ ਵੀ ਖੜ੍ਹਾ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਗਰਾਊਂਡ ਵਰਕ ਕੀਤਾ ਜਾ ਰਿਹਾ ਹੈ।
‘ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ ਕਾਂਗਰਸ’
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਸਾਨਾਂ ਦੀ ਨਰਾਜ਼ਗੀ ਨੂੰ ਦੇਖਦੇ ਹੋਏ ਅੱਜ ਮੁੜ ਆਖਿਆ ਹੈ ਕਿ ਕਾਂਗਰਸ ਪਾਰਟੀ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਅੰਦੋਲਨ ਕਰਨ ਵਾਲਿਆਂ ਨਾਲ ਖੜ੍ਹੀ ਹੈ ਅਤੇ ਤਿੰਨੋਂ ਕਾਲੇ ਕਾਨੂੰਨ ਲਾਜ਼ਮੀ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਟਵੀਟ ਦੇ ਨਾਲ ਰਾਹੁਲ ਗਾਂਧੀ ਦੀ ਟਰੈਕਟਰ ਵਾਲੀ ਤਸਵੀਰ ਵੀ ਸ਼ੇਅਰ ਕੀਤੀ ਹੈ। ਦੱਸਣਯੋਗ ਹੈ ਕਿ ਤਾਜਪੋਸ਼ੀ ਸਮਾਗਮਾਂ ’ਚ ਨਵਜੋਤ ਸਿੱਧੂ ਨੇ ਕਿਸਾਨਾਂ ਬਾਰੇ ਆਖ ਦਿੱਤਾ ਸੀ ਕਿ ‘ਪਿਆਸਾ ਖ਼ੂਹ ਕੋਲ ਚੱਲ ਕੇ ਆਉਂਦਾ ਹੈ’। ਉਸ ਮਗਰੋਂ ਕਿਸਾਨਾਂ ਨੇ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲਿਆ ਸੀ।