ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਗਸਤ
ਪੰਜਾਬ ਸਰਕਾਰ ਸੈਂਕੜੇ ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਵੇਗੀ ਜਿਨ੍ਹਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਕੇਂਦਰ ਦੀ ਯੋਜਨਾ ਤਹਿਤ ਪੰਜਾਬ ਸਰਕਾਰ ਵੀ ਸਰਕਾਰੀ ਅਸਾਸਿਆਂ ਨੂੰ ਵੇਚਣ ਦੇ ਰਾਹ ਪੈ ਗਈ ਹੈ। ਪੰਜਾਬ ਸਰਕਾਰ ਨੇ ਇਸ ਪਾਸੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਵੱਖ ਵੱਖ ਵਿਭਾਗਾਂ ਤੋਂ ਸਰਕਾਰੀ ਸੰਪਤੀਆਂ ਦੇ ਵੇਰਵੇ ਲਏ ਜਾ ਰਹੇ ਹਨ। ਪੰਜ ਵਿਭਾਗਾਂ ਦੀਆਂ ਸੈਂਕੜੇ ਸੰਪਤੀਆਂ ਦੀ ਵਿਕਰੀ ਲਈ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਨੂੰ ਮੁੱਢਲੇ ਪੜਾਅ ’ਤੇ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਜਾਣਾ ਹੈ।
ਪੰਜਾਬ ਜਨਤਕ ਉੱਦਮ ਤੇ ਵਿਨਿਵੇਸ਼ ਵਿਭਾਗ (ਵਿੱਤ ਵਿਭਾਗ) ਦੇ ਡਾਇਰੈਕਟਰ ਵੱਲੋਂ ਕੌਮੀ ਮੁਦਰੀਕਰਨ ਪਾਈਪਲਾਈਨ ਯੋਜਨਾ ਤਹਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ। ਵਿਭਾਗ ਵੱਲੋਂ ਇਸ ਮੀਟਿੰਗ ਦੀ ਕਾਰਵਾਈ 28 ਜੁਲਾਈ ਨੂੰ ਜਾਰੀ ਕੀਤੀ ਗਈ ਸੀ, ਉਸ ਅਨੁਸਾਰ ਖੇਤੀ ਵਿਭਾਗ, ਬਿਜਲੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਨੇ ਸਰਕਾਰੀ ਅਸਾਸੇ ਵੇਚਣ ਲਈ ਹਾਲੇ ਪੱਲਾ ਨਹੀਂ ਫੜਾਇਆ।
ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ 53 ਸਰਕਾਰੀ ਆਰਾਮ ਘਰਾਂ ਅਤੇ 10 ਸੜਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਇਨ੍ਹਾਂ ਅਸਾਸਿਆਂ ਦੀ ਮਲਕੀਅਤ ਸਰਕਾਰੀ ਹੀ ਰਹੇਗੀ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ, ਗੋਲ ਬਾਗ ਸਪੋਰਟਸ ਕੰਪਲੈਕਸ ਅਤੇ ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ ਅਤੇ ਲੁਧਿਆਣਾ ਵਿਚਲੀ ਕੁੱਝ ਜ਼ਮੀਨ ਦੀ ਸੂਚੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਪੋਰਟਸ ਵਿਭਾਗ ਨੇ ਇਸ ਸਕੀਮ ਤਹਿਤ ਸੂਚਨਾ ਦਿੱਤੀ ਹੈ ਜਿਸ ’ਚ ਮੁਹਾਲੀ ਦਾ ਬਹੁ-ਮੰਤਵੀ ਖੇਡ ਸਟੇਡੀਅਮ, ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਤੇ ਸਪੋਰਟਸ ਅਕਾਦਮੀ ਸ਼ਾਮਲ ਹੈ। ਇਸ ਤੋਂ ਇਲਾਵਾ ਮੋਗਾ, ਫ਼ਿਰੋਜ਼ਪੁਰ ਤੇ ਲੁਧਿਆਣਾ ਵਿਚਲੀਆਂ ਸੰਪਤੀਆਂ ਨੂੰ ਵੀ ਇਸੇ ਏਜੰਡੇ ’ਤੇ ਰੱਖਿਆ ਗਿਆ ਹੈ।
ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਪਹਿਲਾਂ ਹੀ ਦਰਜਨ ਦੇ ਕਰੀਬ ਸੰਪਤੀਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦਿੱਤੇ ਹੋਣ ਦੀ ਗੱਲ ਆਖੀ ਹੈ ਅਤੇ ਆਪਣਾ ਪੱਲਾ ਝਾੜ ਲਿਆ ਹੈ। ਤਕਨੀਕੀ ਸਿੱਖਿਆ ਵਿਭਾਗ ਅਤੇ ਬਿਜਲੀ ਮਹਿਕਮੇ ਤੋਂ ਇਲਾਵਾ ਖੇਤੀ ਮਹਿਕਮੇ ਨੇ ਹਾਲੇ ਇਸ ਪਾਸੇ ਕਦਮ ਨਹੀਂ ਵਧਾਇਆ ਹੈ।
ਕਾਰਪੋਰੇਟ ਸਰਕਾਰੀ ਸੰਪਤੀ ਦੇ ਮਾਲਕ ਬਣਨਗੇ: ਸੰਧਵਾਂ
‘ਆਪ’ ਦੇ ਵਿਧਾਇਕ ਕੁਲਤਾਰ ਸੰਧਵਾਂ ਆਖਦੇ ਹਨ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਪਤੀਆਂ ਨੂੰ ਵੇਚੇ ਜਾਣ ਦੀ ਤਿਆਰੀ ਕੀਤੇ ਜਾਣ ਤੋਂ ਸਾਫ਼ ਹੈ ਕਿ ਕੈਪਟਨ ਸਰਕਾਰ ਵਸੀਲੇ ਪੈਦਾ ਨਹੀਂ ਕਰ ਸਕੀ। ਅਖੀਰ ਵਿਚ ਕਾਰਪੋਰੇਟ ਹੀ ਸਰਕਾਰੀ ਜਾਇਦਾਦਾਂ ਦੇ ਮਾਲਕ ਬਣ ਜਾਣਗੇ।