ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫ਼ਿਰੋਜ਼ਪੁਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਰੈਲੀ ਵਾਲੇ ਦਿਨ ਭਾਰੀ ਮੀਂਹ ਪੈਣ ਦੇ ਆਸਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕਰੀਬ ਦਸ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਕਈ ਸੜਕੀ ਰੂਟ ਬੰਦ ਕਰ ਕੇ ਨਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਈ ਹਸਪਤਾਲ ਰਿਜ਼ਰਵ ਰੱਖ ਲਏ ਗਏ ਹਨ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰੈਲੀ ਦੇ ਇੰਚਾਰਜ ਜੀਵਨ ਗੁਪਤਾ ਸਮੇਤ ਰਾਣਾ ਗੁਰਮੀਤ ਸਿੰਘ ਸੋਢੀ ਹੁਣ ਤੱਕ ਰੈਲੀ ਵਾਲੇ ਸਥਾਨ ਦਾ ਜਾਇਜ਼ਾ ਲੈ ਚੁੱਕੇ ਹਨ। ਕਰੀਬ ਤੀਹ ਏਕੜ ਵਿੱਚ ਕੀਤੇ ਜਾ ਰਹੇ ਬੰਦੋਬਸਤ ਦੌਰਾਨ ਇੱਕ ਲੱਖ ਕੁਰਸੀਆਂ ਲਾਈਆਂ ਜਾ ਰਹੀਆਂ ਹਨ। ਅੱਠ ਫੁੱਟ ਉੱਚੀ ਅਤੇ ਸੱਠ ਫੁੱਟ ਚੌੜੀ ਸਟੇਜ ਵੀ ਤਿਆਰ ਹੋ ਚੁੱਕੀ ਹੈ। ਟੈਂਟ ਦਾ ਸਾਮਾਨ ਅੰਮ੍ਰਿਤਸਰ ਤੋਂ ਮੰਗਵਾਇਆ ਜਾ ਰਿਹਾ ਹੈ। ਚਾਰ ਹੈਲੀਪੈਡ ਰੈਲੀ ਵਾਲੇ ਸਥਾਨ ਅਤੇ ਤਿੰਨ ਹੈਲੀਪੈਡ ਬਾਰਡਰ ਰੋਡ ’ਤੇ ਬਣਾਏ ਜਾ ਰਹੇ ਹਨ। ਰੈਲੀ ਵਿਚ ਆਉਣ ਤੋਂ ਪਹਿਲਾਂ ਮੋਦੀ ਹੁਸੈਨੀਵਾਲਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਜਾਣਗੇ। ਮੋਦੀ ਇੱਥੇ ਰੈਲੀ ਨੂੰ ਸੰਬੋਧਨ ਕਰਨ ਤੋਂ ਇਲਾਵਾ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵੀ ਰੱਖਣਗੇ। ਉਨ੍ਹਾਂ ਨਾਲ ਕੇਂਦਰੀ ਸਿਹਤ ਮੰਤਰੀ ਵੀ ਮੌਜੂਦ ਰਹਿਣਗੇ। ਕੁਝ ਦਿਨ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਕੋਲੋਂ ਬਹੁਤ ਉਮੀਦਾਂ ਹਨ। ਰੈਲੀ ਸਥਾਨ ਤੋਂ ਕੁਝ ਦੂਰੀ ’ਤੇ ਸਥਿਤ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿੱਚ ਪਾਰਕਿੰਗ ਬਣਾਈ ਗਈ ਹੈ ਤੇ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰੈਲੀ ਸਥਾਨ ਤੋਂ ਛੇ ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਸਾਰੇ ਵਿੱਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਮੋਦੀ ਨੂੰ ਪੰਜਾਬ ’ਚ ਰੈਲੀ ਕਰਨ ਦਾ ਨੈਤਿਕ ਹੱਕ ਨਹੀਂ: ਸੰਘਰਸ਼ ਕਮੇਟੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਥੇਬੰਦੀ ਵੱਲੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਵਿਰੋਧ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਕਰ ਕੇ ਤਿਆਰੀਆਂ ਕੀਤੀਆਂ ਗਈਆਂ ਹਨ। ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਸਾਲ ਭਰ ਬਾਰਡਰਾਂ ਉੱਤੇ ਬਿਠਾਉਣ ਅਤੇ 750 ਕਿਸਾਨਾਂ ਦੀ ਸ਼ਹੀਦੀ ਲਈ ਭਾਜਪਾ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨਾਂ ਦੀ 23 ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਐੱਮਐੱਸਪੀ ਦਾ ਕਾਨੂੰਨ ਬਣਾਉਣ ਸਣੇ ਛੇ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਗਈਆਂ। ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਰੈਲੀ ਕਰਨ ਦਾ ਨੈਤਿਕ ਹੱਕ ਨਹੀਂ ਹੈ।
ਟਿਕਟਾਂ ਦੀ ਵੰਡ ਦਾ ਫ਼ੈਸਲਾ ਜਲਦੀ: ਅਸ਼ਵਨੀ ਸ਼ਰਮਾ
ਬਠਿੰਡਾ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਬਠਿੰਡਾ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ ਜਿਹੜੀ ਪੰਜਾਬ ਦੀ ਸਿਆਸੀ ਸਥਿਤੀ ਬਦਲ ਦੇਵੇਗੀ। ਉਨ੍ਹਾਂ ਟਿਕਟਾਂ ਦੀ ਵੰਡ ਬਾਰੇ ਕਿਹਾ ਕਿ ਭਾਜਪਾ ਤੇ ਗੱਠਜੋੜ ’ਚ ਸ਼ਾਮਲ ਪਾਰਟੀਆਂ ਇਸ ਸਬੰਧੀ ਜਲਦੀ ਫ਼ੈਸਲੇ ਲੈਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਗੱਠਜੋੜ ’ਚ ਟਿਕਟਾਂ ਦੀ ਵੰਡ ਦਾ ਕੋਈ ਮੁੱਦਾ ਨਹੀਂ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਖਾਂ ਦੇ ਹੱਕ ’ਚ ਕੀਤੇ ਫ਼ੈਸਲੇ ਵੀ ਗਿਣਾਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵਧਦੀ ਮਕਬੂਲੀਅਤ ਕਾਰਨ ਅੱਜ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨਾਲ ਮੀਟਿੰਗ ਵੀ ਕੀਤੀ।