ਰਵੇਲ ਸਿੰਘ ਭਿੰਡਰ
ਪਟਿਆਲਾ, 16 ਅਪਰੈਲ
ਪੰਜਾਬੀ ’ਵਰਸਿਟੀ ਕੰਟਰੈਕਟ ਟੀਚਰ ਐਸੋਸੀਏਸ਼ਨ (ਪੁਕਟਾ) ਦਾ ਤੌਖਲਾ ਹੈ ਕਿ ਪੰਜਾਬੀ ’ਵਰਸਿਟੀ ਆਉਣ ਵਾਲੇ ਦਿਨਾਂ ਵਿੱਚ ਆਪਣੇ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦਾ ਭਵਿੱਖ ਖੋਜਾਰਥੀਆਂ ਹਵਾਲੇ ਕਰਨ ਜਾ ਰਹੀ ਹੈ। ਲਿਹਾਜ਼ਾ ਸੀਨੀਅਰ ਤੇ ਜੂਨੀਅਰ ਰਿਸਰਚ ਫੈਲੋ ਜਲਦੀ ਹੀ ਇਨ੍ਹਾਂ ਅਦਾਰਿਆਂ ਵਿੱਚ ਅਧਿਆਪਕਾਂ ਦੀ ਥਾਂ ’ਤੇ ਕਲਾਸਾਂ ਲੈਣਗੇ। ’ਵਰਸਿਟੀ ਇਸ ਸਬੰਧੀ ਸੋਮਵਾਰ ਤੇ ਮੰਗਲਵਾਰ ਨੂੰ ਹੋਣ ਜਾ ਰਹੀ ਬੈਠਕ ਵਿੱਚ ਅੰਤਿਮ ਫ਼ੈਸਲਾ ਲਵੇਗੀ। ਇਸ ਨਾਲ ਜਿੱਥੇ ਵਿਦਿਆਰਥੀ ਮਾਹਿਰ ਅਧਿਆਪਕਾਂ ਦੀ ਥਾਂ ਖੋਜਾਰਥੀਆਂ ਹਵਾਲੇ ਹੋਣਗੇ, ਉੱਥੇ ਕੰਟਰੈਕਟ ਤੇ ਗੈਸਟ ਫੈਕਲਟੀ ਅਧਿਆਪਕਾਂ ਦੀ ਛਾਂਟੀ ਦਾ ਵੀ ਰਾਹ ਪੱਧਰਾ ਹੋ ਜਾਵੇਗਾ।
ਪੁਕਟਾ ਦੇ ਪ੍ਰਧਾਨ ਡਾ. ਲਵਦੀਪ ਸਿੰਘ ਨੇ ਦੱਸਿਆ ਕਿ ’ਵਰਸਿਟੀ ਨੇ ਫ਼ੈਸਲਾ ਕੀਤਾ ਹੈ ਕਿ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਹੁਣ ਠੇਕਾ ਆਧਾਰਿਤ ਅਧਿਆਪਕ ਅਤੇ ਗੈਸਟ ਫੈਕਲਟੀ ਨੂੰ ਚਲਦਾ ਕੀਤਾ ਜਾਵੇ। ਇਸ ਲਈ ’ਵਰਸਿਟੀ ਨੇ ਆਪਣੇ ਅਧੀਨ ਚੱਲ ਰਹੇ ਨੇਬਰਹੁੱਡ ਕੈਂਪਸਾਂ ਤੇ ਕਾਂਸਟੀਚੂਐਂਟ ਕਾਲਜਾਂ ਵਿੱਚ ਪਹਿਲਾਂ ਤੋਂ ਠੇਕਾ ਜਾਂ ਗੈਸਟ ਆਧਾਰ ’ਤੇ ਪੜ੍ਹਾ ਰਹੇ ਅਧਿਆਪਕਾਂ ਦੀ ਥਾਂ ਖੋਜਾਰਥੀਆਂ ਨੂੰ ਕਲਾਸਾਂ ਦੇਣ ਦਾ ਫ਼ੈਸਲਾ ਕੀਤਾ ਹੈ। ਡੀਨ ਅਕਾਦਮਿਕ ਵੱਲੋਂ ਕਾਲਜਾਂ ਤੇ ਕੈਂਪਸ ਮੁਖੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਸੰਸਥਾ ਦਾ ਵਰਕ ਲੋੜ ਪਹਿਲਾਂ ਰੈਗੂਲਰ ਅਧਿਆਪਕਾਂ ਵਿੱਚ ਵੰਡ ਦਿੱਤਾ ਜਾਵੇ। ਇਸ ਤੋਂ ਬਾਅਦ ਜੇ ਬਚਦਾ ਹੈ ਤਾਂ ਜੇਆਰਐਫ ਤੇ ਐਸਆਰਐਫ ਨੂੰ ਕਲਾਸਾਂ ਦਿੱਤੀਆਂ ਜਾਣ। ਇਸ ਤੋਂ ਬਾਅਦ ਕੰਟਰੈਕਟ ਅਧਿਆਪਕਾਂ ਨੂੰ ਤੇ ਬਾਕੀ ਬਚਦਾ ਗੈਸਟ ਫੈਕਲਟੀ ਨੂੰ ਦਿੱਤਾ ਜਾਵੇ। ਇਸ ਪੱਤਰ ਮਗਰੋਂ ਕੈਂਪਸ ਮੁਖੀਆਂ ਨੇ ਯੂਨੀਵਰਸਿਟੀ ਵੱਲੋਂ ਭੇਜੇ ਜਾ ਰਹੇ ਖੋਜਾਰਥੀਆਂ ਨੂੰ ਕਲਾਸਾਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਪੂਟਾ ਪ੍ਰਧਾਨ ਨੇ ਦੱਸਿਆ ਕਿ ’ਵਰਸਿਟੀ ਪ੍ਰਸ਼ਾਸਨ ਇਸ ਮਾਮਲੇ ਨੂੰ ਲਾਗੂ ਕਰ ਕੇ 200 ਤੋਂ ਜ਼ਿਆਦਾ ਠੇਕਾ ਅਧਿਆਪਕਾਂ ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਅਦਾਲਤ ਤਕ ਵੀ ਪਹੁੰਚ ਕੀਤੀ ਜਾਵੇਗੀ। ਖੋਜਾਰਥੀਆਂ ਨੂੰ ਭੇਜ ਕੇ ’ਵਰਸਿਟੀ ਪ੍ਰਸ਼ਾਸਨ ਪਹਿਲਾਂ ਕੰਮ ਕਰ ਰਹੇ ਅਧਿਆਪਕਾਂ ਦਾ ਵਰਕਲੋਡ ਜ਼ੀਰੋ ਕਰ ਰਹੀ ਹੈ ਤਾਂ ਕਿ ਇਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕੇ।
ਡੀਨ ਅਕਾਦਮਿਕ ਮਾਮਲੇ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਪੁਕਟਾ ਦੇ ਤੌਖਲੇ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਆਖਿਆ ਕਿ ਜਾਰੀ ਪੱਤਰ ਮੁਤਾਬਿਕ ਵਰਕ ਲੋਡ ਨੂੰ ਰੈਸ਼ਨੇਲਾਈਜ਼ ਕੀਤਾ ਜਾ ਰਿਹਾ ਹੈ ਤੇ ਅਜਿਹਾ ਯੂਜੀਸੀ ਦੀਆਂ ਹਦਾਇਤਾਂ ਹੇਠ ਹੀ ਹੋਵੇਗਾ। ਉਨ੍ਹਾਂ ਪੁਕਟਾ ਦੇ ਇਸ ਤੌਖਲੇ ਨੂੰ ਵੀ ਨਿਰਮੂਲ ਦੱਸਿਆ ਕਿ ’ਵਰਸਿਟੀ ਪ੍ਰਸ਼ਾਸਨ ਕਿਸੇ ਵਰਗ ਦੇ ਅਧਿਆਪਕਾਂ ਦੀ ਛਾਂਟੀ ਕਰ ਰਿਹਾ ਹੈ।
ਰੈਗੂਲਰ ਵਾਈਸ ਚਾਂਸਲਰ ਦੀ ਫਾਈਲ ਠੰਢੇ ਬਸਤੇ ’ਚ ਪਈ
ਪਟਿਆਲਾ: ਪੰਜਾਬੀ ’ਵਰਸਿਟੀ ਦੇ ਅਗਲੇ ਰੈਗੂਲਰ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮਾਮਲਾ ਫ਼ਿਲਹਾਲ ਠੰਢੇ ਬਸਤੇ ਪੈ ਗਿਆ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਿਯੁਕਤੀ ਸਬੰਧੀ ਸਰਕਾਰ ਵੱਲੋਂ ਕਾਇਮ ਸਰਚ ਕਮੇਟੀ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਕਰੀਬ ਹਫ਼ਤਾ ਪਹਿਲਾਂ ਮੁਕੰਮਲ ਕਰ ਲਈ ਗਈ ਸੀ। ਸੂਤਰਾਂ ਮੁਤਾਬਿਕ ਇੰਟਰਵਿਊ ਲਈ 14 ਉਮੀਦਵਾਰਾਂ ਨੂੰ ਸੱਦਿਆ ਗਿਆ ਸੀ ਜਿਸ ਵਿਚੋਂ ਤਿੰਨ ਮੈਂਬਰੀ ਪੈਨਲ ਗਠਿਤ ਕਰ ਕੇ ਅਗਲੇਰੀ ਕਾਰਵਾਈ ਲਈ ਅੰਤਿਮ ਫ਼ੈਸਲਾ ਲੈਣ ਵਾਸਤੇ ਫਾਈਲ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀ ਗਈ ਸੀ। ਸੂਤਰਾਂ ਮੁਤਾਬਿਕ ਹਾਲੇ ਸਾਫ਼ ਨਹੀਂ ਕਿ ਮੁੱਖ ਮੰਤਰੀ ਵੱਲੋਂ ਫ਼ੈਸਲਾ ਲੈ ਲਿਆ ਗਿਆ ਹੈ ਜਾਂ ਫਾਈਲ ਹਾਲੇ ਬੰਦ ਹੀ ਪਈ ਹੈ। ਉਚੇਰੀ ਸਿੱਖਿਆ ਮੰਤਰੀ ਦੇ ਦਫ਼ਤਰੀ ਸੂਤਰਾਂ ਮੁਤਾਬਿਕ ਹਾਲੇ ਦਫ਼ਤਰ ਕੋਲ ਕੋਈ ਫ਼ੈਸਲਾ ਨਹੀਂ ਪੁੱਜਾ।