ਪਟਿਆਲਾ (ਸਰਬਜੀਤ ਸਿੰਘ ਭੰਗੂ): ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੂੰ ਕਰਾਰੇ ਹੱਥੀਂ ਲੈਂਦਿਆਂ, ਸੰਸਦ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਆਲਾ ਕਮਾਨ ਤੋਂ ਇਨ੍ਹਾਂ ਸਲਾਹਕਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਕਾਂਗਰਸ ਨੂੰ ਕਮਜ਼ੋਰ ਕਰਨ ਵਾਲੀਆਂ ਹਨ। ਮੁੱਖ ਮੰਤਰੀ ਖ਼ਿਲਾਫ਼ ਉੱਠੀ ਬਗ਼ਾਵਤ ਪਿੱਛੇ ਨਵਜੋਤ ਸਿੰਘ ਸਿੱਧੂ ਦਾ ਹੱਥ ਹੋਣ ਦੇ ਦੋਸ਼ ਲਾਉਂਦਿਆਂ ਪਰਨੀਤ ਕੌਰ ਨੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਵਾਬ ਤਲਬੀ ਮੰਗੀ। ਅਜਿਹੀਆਂ ਸਰਗਰਮੀਆਂ ਨੂੰ ਪਾਰਟੀ ਲਈ ਹਾਨੀਕਾਰਕ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਂ ਨਿੱਜੀ ਰਾਜਨੀਤੀ ਖੇਡਣ ਦਾ ਨਹੀਂ ਹੈ। ਸ੍ਰੀ ਸਿੱਧੂ ਦੇ ਸਲਾਹਕਾਰਾਂ ਵੱਲੋਂ ਕਸ਼ਮੀਰ ਅਤੇ ਇੰਦਰਾ ਗਾਂਧੀ ਦੇ ਮੁੱਦੇ ’ਤੇ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਨੂੰ ਚਾਹੀਦਾ ਸੀ ਕਿ ਉਹ ਪਾਰਟੀ ਦੇ ਅੰਦਰੋਂ ਹੀ ਜ਼ਿੰਮੇਵਾਰ ਸਲਾਹਕਾਰ ਲਾਉਂਦਾ। ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੇ ਵਿਧਾਇਕਾਂ ਨੂੰ ਸਲਾਹ ਦਿੰਦਿਆਂ ਪਰਨੀਤ ਕੌਰ ਨੇ ਕਿਹਾ ਕਿ ਇਹ ਸਮਾਂ ਅਜਿਹੀ ਰਾਜਨੀਤੀ ਕਰਨ ਦਾ ਨਹੀਂ। ਚੋਣਾਂ ਸਿਰ ’ਤੇ ਹੋਣ ਕਾਰਨ ਅਜਿਹੀਆਂ ਸਰਗਰਮੀਆਂ ਪਾਰਟੀ ਲਈ ਨੁਕਸਾਨਦਾਇਕ ਹਨ।