ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਪਰੈਲ
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਦਿੱਲੀ ਵਿੱਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰ ਕੇ ਡੇਰਾਬੱਸੀ ਅਤੇ ਬਨੂੜ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਐਕੁਆਇਰ ਕੀਤੀ ਜ਼ਮੀਨ ਦੇ ਇਨਾਮ/ਐਵਾਰਡ ਪਾਸ ਕਰਨ ਦੇ ਮਾਮਲੇ ’ਤੇ ਗੱਲਬਾਤ ਕੀਤੀ। ਇਸ ਮੌਕੇ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਮੈਂਬਰ ਵੀ ਕਾਂਗਰਸੀ ਆਗੂ ਦੇ ਨਾਲ ਸਨ। ਇਹ ਮਾਮਲਾ ਸੀਮਾਂਤ ਕਿਸਾਨਾਂ ਦੇ 3200 ਪਰਿਵਾਰਾਂ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਪ੍ਰਾਜੈਕਟ ਵਿੱਚ ਪੈਂਦੇ 28 ਪਿੰਡਾਂ ਦੀ ਜ਼ਮੀਨ ਦੇ ਐਵਾਰਡ 30 ਸਤੰਬਰ 2021 ਨੂੰ ਡੀਆਰਓ (ਐੱਸਏਐੱਸ ਨਗਰ) ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਪ੍ਰਾਜੈਕਟ ਲਾਗੂ ਕਰਨ ਵਾਲੀ ਇਕਾਈ ਅੰਬਾਲਾ ਨੂੰ ਭੇਜੇ ਗਏ ਸਨ ਪਰ ਸੱਤ ਮਹੀਨਿਆਂ ਬਾਅਦ ਵੀ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।