ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਸਤੰਬਰ
ਪਾਵਰਕੌਮ ’ਚ ਲਾਈਨਮੈਨਾਂ ਦੀਆਂ ਭਰੀਆਂ ਜਾਣ ਵਾਲੀਆਂ ਦੋ ਹਜ਼ਾਰ ਅਸਾਮੀਆਂ ਲਈ ‘ਆਪ’ ਸਰਕਾਰ ਵੱਲੋਂ ਰੱਖੀ ਗਈ ਲਿਖਤੀ ਟੈਸਟ ਦੀ ਸ਼ਰਤ ਖਿਲਾਫ਼ 11 ਦਿਨਾਂ ਤੋਂ ਬਿਜਲੀ ਟਾਵਰ ’ਤੇ ਚੜ੍ਹੇ ਛੇ ਬੇਰੁਜ਼ਗਾਰ ਨੌਜਵਾਨਾਂ ਨਾਲ ਅੱਜ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਮੁਲਾਕਾਤ ਕੀਤੀ। ਉਨ੍ਹਾਂ ‘ਆਪ’ ਸਰਕਾਰ ’ਤੇ ਇਨ੍ਹਾਂ ਨੌਜਵਾਨਾਂ ਦੀ ਸਾਰ ਨਾ ਲੈਣ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਸਵਾਲ ਕੀਤਾ ਕਿ ਜੇ ਮੁੱਖ ਮੰਤਰੀ ਨੇ ਸਰਕਾਰੀ ਦਫਤਰਾਂ ’ਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਾਉਣ ਦੀ ਨਵੀਂ ਪਿਰਤ ਪਾਈ ਹੈ ਤਾਂ ਫੇਰ ਇਸ ’ਤੇ ਪਹਿਰਾ ਵੀ ਦੇਣ ਕਿਉਂਕਿ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਨੌਜਵਾਨ ਟਾਵਰ ’ਤੇ ਰਾਤਾਂ ਬਤੀਤ ਕਰ ਰਹੇ ਹਨ ਪਰ ਸਰਕਾਰ ਸ਼ਹੀਦ-ਏ-ਆਜ਼ਮ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦਾ ਢਕਵੰਜ ਕਰ ਰਹੀ ਹੈ। ਪ੍ਰਨੀਤ ਕੌਰ ਨੇ ਲਾਈਨਮੈਨਾਂ ਦੀਆਂ ਅਸਾਮੀਆਂ ਵਧਾਉਣ ਅਤੇ ਭਰਤੀ ਲਈ ਉਮਰ ਹੱੱਦ ਵਧਾਉਣ ਸਮੇਤ ਲਿਖਤੀ ਟੈਸਟ ਦੀ ਰੱਖੀ ਗਈ ਸ਼ਰਤ ਨੂੰ ਫੌਰੀ ਰੱਦ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਟਾਵਰ ਤੋਂ ਹੇਠਾਂ ਉਤਾਰਨ ’ਤੇ ਜ਼ੋਰ ਦਿੱਤਾ।
ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਇਹ ਮੰਗਾਂ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਤੱਕ ਪੁੱਜਦੀਆਂ ਕਰਨਗੇ। ਅਪਰੈਂਟਿਸ ਵਰਕਰ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਪਵਿੱਤਰ ਸਿੰਘ ਸੰਗਤਪੁਰਾ ਦਾ ਕਹਿਣਾ ਸੀ ਕਿ ਉਹ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ।