
ਵਿਸ਼ਵ ਯੂਨੀਵਰਸਿਟੀ ਦੇ ਵਿਦਿਆਰਥੀ ਗਤਕਾ ਖੇਡਦੇ ਹੋਏ। -ਫ਼ੋਟੋ: ਸੂਦ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 11 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਨਾਲ ਸ਼ਰਧਾ ਅਤੇ ਉਤਸ਼ਾਹ ਨਾਲ ਸਮਾਪਤ ਹੋਇਆ। ਇਸ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਗਾਇਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਿੱਖ ਫਿਲਾਸਫਰ ਡਾ. ਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਾਂਤਮਈ ਅਤੇ ਸੰਤੁਸ਼ਟ ਜੀਵਨ ਜਿਉਣ ਲਈ ਸਿੱਖ ਸਿਧਾਂਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾਵਾਂ ਬਾਰੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ, ਭਾਸ਼ਣ ਤੇ ਸੋਲੋ ਸ਼ਬਦ ਗਾਇਣ ਵਰਗੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੈਡੀਕਲ ਕੈਂਪਾਂ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰੋ-ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਅਤੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਕੀਤਾ। ਇਸ ਮੌਕੇ ਫਿਜ਼ੀਓਥੈਰੇਪਿਸਟ ਡਾ. ਪੰਕਜਪ੍ਰੀਤ ਸਿੰਘ, ਡਾ. ਅਜੈ ਕੁਮਾਰ, ਡਾ. ਪ੍ਰਿਅੰਕਾ, ਡਾ. ਗਗਨਪ੍ਰੀਤ ਕੌਰ, ਡਾ. ਮਨਕੀਰਤ ਸਿੰਘ, ਡਾ. ਰਮਨੀਤ ਕੌਰ ਅਤੇ ਡਾ. ਸਰਤਾਜ ਸਿੰਘ ਆਦਿ ਹਾਜ਼ਰ ਸਨ। ਅੰਤ ਵਿਚ ਇੱਕ ਨੁੱਕੜ ਨਾਟਕ ਅਤੇ ਗਤਕਾ ਦੀ ਪੇਸ਼ਕਾਰੀ ਵੀ ਦਿੱਤੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ