ਪਾਲ ਸਿੰਘ ਨੌਲੀ
ਜਲੰਧਰ, 24 ਫਰਵਰੀ
ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ 27 ਫਰਵਰੀ ਨੂੰ ਦਿੱਲੀ ਦੀ ਸਿੰਘੂ ਹੱਦ ’ਤੇ ਗੁਰੂ ਰਵਿਦਾਸ ਦਾ 645ਵਾਂ ਪ੍ਰਕਾਸ਼ ਪੁਰਬ ਮਜ਼ਦੂਰ-ਕਿਸਾਨ ਏਕਤਾ ਵਜੋਂ ਮਨਾਇਆ ਜਾਵੇਗਾ। ਸੰਯੁਕਤ ਮੋਰਚਾ ਦਾ ਹਿੱਸਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟ, ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੰਦੀਪ ਸ਼ਰਮਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਲੋਕ ਦਿੱਲੀ ਮੋਰਚਿਆਂ ਵਿੱਚ ਪਹੁੰਚਣ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਉਹ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਸਜਾਏ ਜਾ ਰਹੇ ਨਗਰ ਕੀਰਤਨ ਤੇ ਸ਼ੋਭਾ ਯਾਤਰਾਵਾਂ ਵਿੱਚ ਸ਼ਮੂਲੀਅਤ ਕਰਨ। ਸਾਹਨੀ ਨੇ ਕਿਹਾ ਕਿ 27 ਫਰਵਰੀ ਨੂੰ ਹੀ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਨੂੰ ਮਨਾਇਆ ਜਾਵੇਗਾ। ਇਸ ਮੌਕੇ ਗੁਰਪਾਲ ਸਿੰਘ ਪਾਲਾ ਮੌਲੀ, ਸਰਪੰਚ ਕੁਲਵਿੰਦਰ ਸਿੰਘ ਅਠੌਲੀ ਤੇ ਬਲਜੀਤ ਸਿੰਘ ਹਰਦਾਸਪੁਰ ਹਾਜ਼ਰ ਸਨ।
ਕੇਂਦਰ ’ਤੇ ਤੇਲ ਕੰਪਨੀਆਂ ਨੂੰ ਲੁੱਟ ਮਚਾਉਣ ਲਈ ਖੁੱਲ੍ਹ ਦੇਣ ਦੇ ਦੋਸ਼
ਦੇਸ਼ ਵਿੱਚ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਲੁੱਟ ਮਚਾਉਣ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿੱਚ ਕਿਸਾਨਾਂ ਤੇ ਦਲਿਤਾਂ ਵਿੱਚ ਪਾੜਾ ਪਾਉਣ ਦਾ ਹਰ ਹਰਬਾ ਵਰਤ ਰਹੀ ਹੈ ਪਰ ਲੋਕਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਭਾਜਪਾ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ।