ਚਰਨਜੀਤ ਭੁੱਲਰ
ਚੰਡੀਗੜ੍ਹ, 12 ਜੁਲਾਈ
ਕਾਂਗਰਸੀ ਵਿਧਾਇਕਾ ਬੀਬੀ ਸਤਿਕਾਰ ਕੌਰ ਦੀ ਫਿਰੋਜ਼ਪੁਰ ਦੇ ਆਲੇਵਾਲਾ ’ਚ ਸਥਿਤ ਕੋਠੀ ਦਾ ਬਿਜਲੀ ਬਿੱਲ ਜ਼ੀਰੋ ਯੂਨਿਟ ਆ ਰਿਹਾ ਹੈ। ਇਸ ਕੋਠੀ ਤੱਕ ਮਹਿੰਗੀ ਬਿਜਲੀ ਦਾ ਸੇਕ ਨਹੀਂ ਪੁੱਜਾ। ਫਿਰੋਜ਼ਪੁਰ (ਦਿਹਾਤੀ) ਤੋਂ ਇਸ ਵਿਧਾਇਕਾ ਦੀ ਕੋਠੀ ਵਿੱਚ ਬਿਜਲੀ ਲੋਡ 4.98 ਕਿੱਲੋਵਾਟ ਹੈ। ਰਿਹਾਇਸ਼ ਦੇ ਬਾਵਜੂਦ ਇਸ ਕੋਠੀ ਦੀ ਬਿਜਲੀ ਖ਼ਪਤ ਦਸੰਬਰ 2020 ਤੋਂ ਹੁਣ ਤੱਕ ਜ਼ੀਰੋ ਯੂਨਿਟ ਹੀ ਹੈ। ਵਿਧਾਇਕਾ ਦੀ ਕੋਠੀ ਵਿੱਚ ਬਿਜਲੀ ਮੀਟਰ ਲਾਉਣ ਲਈ 2 ਜੁਲਾਈ, 2019 ਨੂੰ 2500 ਰੁਪਏ ਸਕਿਉਰਿਟੀ ਭਰੀ ਗਈ ਸੀ।ਪਾਵਰਕੌਮ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਇਹ ਬਿਜਲੀ ਮੀਟਰ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਦੇ ਨਾਮ ’ਤੇ ਲੱਗਾ ਹੋਇਆ ਹੈ। ਸ਼ੁਰੂ ਤੋਂ ਲੈ ਕੇ ਹੁਣ ਜੁਲਾਈ 2021 ਤੱਕ ਇਸ ਕੋਠੀ ਦਾ ਬਿਜਲੀ ਬਿੱਲ ਇੱਕ ਦਫਾ ਅੱਠ ਹਜ਼ਾਰ ਰੁਪਏ ਭਰਿਆ ਗਿਆ ਹੈ। ਆਖ਼ਰੀ ਬਿੱਲ ਹੁਣ 14 ਜੁਲਾਈ ਤੱਕ 1190 ਰੁਪਏ ਭਰਿਆ ਜਾਣਾ ਹੈ। ਨਵੰਬਰ 2019 ਤੋਂ ਸਤੰਬਰ 2020 ਦੌਰਾਨ ਇਸ ਕੋਠੀ ’ਚ ਬਿਜਲੀ ਖਪਤ ਕੁੱਲ 258 ਯੂਨਿਟ ਰਹੀ ਹੈ, ਔਸਤਨ ਪ੍ਰਤੀ ਦਿਨ ਪੌਣਾ ਯੂਨਿਟ। ਦਸੰਬਰ 2020 ਤੋਂ ਬਿਜਲੀ ਖਪਤ ਜ਼ੀਰੋ ਹੋ ਗਈ ਹੈ। ਬਿਜਲੀ ਦੇ ਮੀਟਰ ਵਿੱਚ ਨੁਕਸ ਵੀ ਕੋਈ ਨਹੀਂ ਹੈ। ਮੀਟਰ ਰੀਡਰ ਬਿਜਲੀ ਖਪਤ ਜ਼ੀਰੋ ਹੀ ਰਿਪੋਰਟ ਕਰ ਰਿਹਾ ਹੈ। ਫਿਰੋਜ਼ਪੁਰ ਕੈਂਟ ਦੇ ਐੱਸਡੀਓ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਵਿਧਾਇਕਾ ਦੀ ਰਿਹਾਇਸ਼ ਆਲੇਵਾਲ ਵਿੱਚ ਹੈ ਪਰ ਉੁਨ੍ਹਾਂ ਦੀ ਬਿਜਲੀ ਖਪਤ ਘੱਟ ਹੋਣ ਬਾਰੇ ਕੋਈ ਪਤਾ ਨਹੀਂ ਹੈ। ਉਹ ਪਤਾ ਕਰਨਗੇ।
ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਪਿੰਡ ਘੁਬਾਇਆ ਵਿਚਲੀ ਰਿਹਾਇਸ਼ ’ਚ ਜੋ ਸ਼ੇਰ ਸਿੰਘ ਘੁਬਾਇਆ ਦੇ ਨਾਮ ’ਤੇ ਬਿਜਲੀ ਮੀਟਰ ਲੱਗਾ ਹੈ, ਉਸ ਦਾ ਬਿਜਲੀ ਲੋਡ 7.39 ਕਿੱਲੋਵਾਟ ਹੈ। ਇੰਨਾ ਲੋਡ ਹੋਣ ਦੇ ਬਾਵਜੂਦ ਇਸ ਮੀਟਰ ਤੋਂ ਬਿਜਲੀ ਖਪਤ ਦਸੰਬਰ 2020 ਤੋਂ ਜੂਨ 2021 ਤੱਕ 267 ਯੂਨਿਟ ਹੀ ਰਹੀ ਹੈ, ਜੋ ਔਸਤਨ ਕਰੀਬ ਇੱਕ ਯੂਨਿਟ ਪ੍ਰਤੀ ਦਿਨ ਬਣਦੀ ਹੈ। ਇਸ ਬਿਜਲੀ ਮੀਟਰ ਦਾ ਤਾਜ਼ਾ ਬਿੱਲ 73 ਦਿਨਾਂ ਦਾ 248 ਯੂਨਿਟ ਖਪਤ ਦਾ ਆਇਆ ਹੈ।
ਬਿਜਲੀ ਘੱਟ ਹੀ ਬਾਲਦੇ ਹਾਂ: ਸਤਿਕਾਰ ਕੌਰ
ਵਿਧਾਇਕਾ ਸਤਿਕਾਰ ਕੌਰ ਦਾ ਕਹਿਣਾ ਸੀ ਕਿ ਉਹ ਇੱਥੇ ਕਾਫੀ ਘੱਟ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਬਿਜਲੀ ਜ਼ਿਆਦਾ ਬਾਲਣ ਤੋਂ ਪਰਹੇਜ਼ ਹੀ ਕਰਦੇ ਹਨ, ਜਿਸ ਕਰਕੇ ਖਪਤ ਘਟੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਹੋਰ ਕਮਰੇ ਬਣਾਏ ਹਨ ਅਤੇ ਨਵਾਂ ਬਿਜਲੀ ਬਿੱਲ ਜ਼ਿਆਦਾ ਆਵੇਗਾ।
ਮੀਟਰ ਬੰਦ ਕਰਾ ਦਿੱਤਾ ਸੀ: ਘੁਬਾਇਆ
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਮੀਟਰ ਭੱਠੇ ’ਤੇ ਲੱਗਾ ਹੁੰਦਾ ਸੀ, ਜੋ ਬੰਦ ਕਰਾ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਇਹ ਘਰੇਲੂ ਮੀਟਰ ਹੋਣ ਦੀ ਗੱਲ ਆਖੀ ਤਾਂ ਉਨ੍ਹਾਂ ਕਿਹਾ ਕਿ ਰਿਹਾਇਸ਼ ’ਤੇ ਹੋਰ ਮੀਟਰ ਲੱਗੇ ਹੋਏ ਹਨ। ਉਹ ਇੱਕ ਮੀਟਰ ਬੰਦ ਕਰਨ ਬਾਰੇ ਵਿਭਾਗ ਨੂੰ ਅਰਜ਼ੀ ਦੇ ਚੁੱਕੇ ਹਨ।