ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 25 ਜੂਨ
ਪਾਵਰਕੌਮ ਸਬ-ਡਿਵੀਜ਼ਨ ਬਰੀਵਾਲਾ ਦੇ ਵਧੀਕ ਸਹਾਇਕ ਇੰਜਨੀਅਰ ਵਾਧੂ ਚਾਰਜ ਉਪ ਮੰਡਲ ਅਫਸਰ, ਜੂਨੀਅਰ ਇੰਜੀਨੀਅਰ, ਅੱਪਰ ਸ਼੍ਰੇਣੀ ਕਲਰਕ ਅਤੇ ਹੇਠਲੀ ਸ਼੍ਰੇਣੀ ਕਲਰਕ ਨੂੰ ਕੁਨੈਕਸ਼ਨਾਂ ਦੇ ਕੰਮਾਂ ਵਿਚ ਸਰਕਾਰੀ ਨੇਮਾਂ ਦੀ ਪਾਲਣਾ ਨਾ ਕਰਨ ’ਤੇ ਮੁਅੱਤਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੁਨੈਕਸ਼ਨਾਂ ਨਾਲ ਲਾਏ ਜਾਣ ਵਾਲੇ ਦਸਤਾਵੇਜ਼ਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਸ ਅਨੁਸਾਰ ਦਫਤਰ ਤੋਂ ਬਾਹਰੋਂ ਕੋਈ ਟੈਸਟ ਰਿਪੋਰਟ ਜਾਂ ਹੋਰ ਕਾਗਜ਼ ਬਣਾਉਣ ਦੀ ਲੋੜ ਨਹੀਂ ਸੀ ਪਰ ਇਸ ਦਫਤਰ ’ਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਸੀ ਹੁੰਦੀ। ਐਨਫੋਰਸਮੈਂਟ ਦੀ ਟੀਮ ਵੱਲੋਂ ਦਫਤਰ ਦੀ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਐਸਡੀਓ ਗੁਰਤੇਜ ਸਿੰਘ, ਜੇ ਈ ਸੰਦੀਪ ਸਿੰਘ, ਯੂਡੀਸੀ ਮੇਹਰ ਚੰਦ ਤੇ ਐਲਡੀਸੀ ਸੰਗੀਤ ਸਹੋਤਾ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਦੇ ਹੁਕਮਾਂ ਤੋਂ ਖਫ਼ਾ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਜੇਈ ਕੌਂਸਲ, ਐਮਐਸਯੂਟੀਐਸਯੂ, ਪੀਐਸਈਬੀ ਐਂਪਲਾਈਜ਼ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਗੁਰਦੀਪ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਬਸੰਤ ਸਿੰਘ ਵੱਲੋਂ ਪਾਵਰਕੌਮ ਮੈਨੇਜਮੈਂਟ ਖਿਲਾਫ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁਅੱਤਲੀਆਂ ਤੱਥਾਂ ਅਤੇ ਪੜਤਾਲ ਤੋਂ ਬਿਨਾਂ ਕੀਤੀਆਂ ਗਈਆਂ ਹਨ, ਇਸ ਲਈ ਮੁਅੱਤਲੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਲੋਕ ਖੁਦ ਹੀ ਦਫਤਰ ਤੋਂ ਬਾਹਰੋਂ ਫਾਈਲਾਂ ਤਿਆਰ ਕਰਵਾ ਕੇ ਲਿਆਉਂਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁਅੱਤਲੀ ਰੱਦ ਨਾ ਕੀਤੀ ਤਾਂ 27 ਜੂਨ ਨੂੰ ਮੰਡਲ ਦਫਤਰ ’ਚ ਧਰਨਾ ਦਿੱਤਾ ਜਾਵੇਗਾ। ਐਨਫੋਰਸਮੈਂਟ ਦੇ ਕਾਰਜਕਾਰੀ ਇੰਜਨੀਅਰ ਸੁਮਨ ਸਿੰਘ ਨੇ ਇਸ ਮਾਮਲੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।