ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 29 ਜੂਨ
ਵਿੱਤੀ ਤੰਗੀਆਂ ਨਾਲ ਜੂਝਦੇ ਪਾਵਰਕੌਮ ਦਾ ਲੰਘੀ ਰਾਤ ਦੇ ਝੱਖੜ ਨੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਸੂਬੇ ਦੇ ਕਈ ਖੇਤਰਾਂ ਵਿਚ ਲੰਘੀ ਰਾਤ ਤੋਂ ਬਿਜਲੀ ਸਪਲਾਈ ਠੱਪ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਬਹਾਲ ਹੋਣ ’ਚ ਹਫ਼ਤਾ ਵੀ ਲੱਗ ਸਕਦਾ ਹੈ। ਪੰਜਾਬ ਦੇ ਬਹੁਤ ਸਾਰੇ ਦਿਹਾਤੀ ਖੇਤਰ ਇਸ ਵੇਲੇ ਹਨੇਰੇ ’ਚ ਡੁੱਬੇ ਹੋਏ ਹਨ।
ਦੱਸਣਯੋਗ ਹੈ ਕਿ ਲੰਘੀ ਅੱਧੀ ਰਾਤ ਦੇ ਕਰੀਬ ਸੂਬੇ ਦੇ ਕਈ ਖੇਤਰਾਂ ਖ਼ਾਸ ਕਰਕੇ ਫਤਹਿਗੜ੍ਹ ਸਾਹਿਬ, ਖੰਨਾ, ਗੋਬਿੰਦਗੜ੍ਹ, ਜਲੰਧਰ ਸਰਕਲ ਵਿਚ ਤੇਜ਼ ਝੱਖੜ ਨੇ ਪਾਵਰਕੌਮ ’ਤੇ ਕਰੋੜਾਂ ਰੁਪਏ ਦਾ ਬੋਝ ਪਾ ਦਿੱਤਾ ਹੈ। ਇਸ ਕਾਰਨ ਪਾਵਰਕੌਮ ਦੇ ਹਜ਼ਾਰਾਂ ਖੰਭੇ, ਟਰਾਂਸਫਾਰਮਰ ਨੁਕਸਾਨੇ ਗਏ ਹਨ ਤੇ 66 ਕੇ.ਵੀ. ਲਾਈਨਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਸੈਂਕੜਿਆਂ ਦੀ ਤਾਦਾਦ ਵਿਚ ਟਰਾਂਸਫਾਰਮਰ ਤੇ ਹਜ਼ਾਰਾਂ ਦੀ ਤਾਦਾਦ ਵਿਚ ਵੱਡੇ ਛੋਟੇ ਖੰਭੇ ਟੁੱਟ ਗਏ ਹਨ। ਝੱਖੜ ਨੇ ਪਾਵਰਕੌਮ ਦੇ ਕਈ ਮਹਿੰਗੇ ਉਪਕਰਨ ਵੀ ਮਿੱਟੀ ’ਚ ਮਿਲਾ ਦਿੱਤੇ ਹਨ।
ਇੱਕ ਰਿਪੋਰਟ ਮੁਤਾਬਿਕ ਦਰੱਖਤਾਂ ਵਿਚੋਂ ਗੁਜ਼ਰਦੀਆਂ ਸਪਲਾਈ ਲਾਈਨਾਂ ਦਾ ਵਧੇਰੇ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤ ਵਿਚ ਪਾਵਰਕੌਮ ਦਾ ਅਮਲਾ ਬਿਜਲੀ ਸਪਲਾਈ ਦੀ ਬਹਾਲੀ ਲਈ ਰਾਤ ਤੋਂ ਹੀ ਯਤਨਸ਼ੀਲ ਹੈ ਪਰ ਦੱਸਿਆ ਜਾਂਦਾ ਹੈ ਕਿ ਬਿਜਲੀ ਸਪਲਾਈ ਬਹਾਲ ਕਰਨ ’ਚ ਇੱਕ ਹਫ਼ਤਾ ਵੀ ਲੱਗ ਸਕਦਾ ਹੈ। ਮੁਲਾਜ਼ਮਾਂ ਦੀ ਥੁੜ੍ਹ, ਝੋਨੇ ਦਾ ਸੀਜ਼ਨ ਸਿਖ਼ਰ ’ਤੇ ਹੋਣ ਅਤੇ ਕੋਵਿਡ ਨਿਯਮਾਂਵਲੀ ਕਾਰਨ ਸਪਲਾਈ ਦੀ ਬਹਾਲੀ ਪ੍ਰਭਾਵਿਤ ਹੋ ਰਹੀ ਹੈ।
‘ਹਾਲੇ ਵਿੱਤੀ ਨੁਕਸਾਨ ਦਾ ਹਿਸਾਬ ਨਹੀਂ ਜੋੜਿਆ’
ਪਾਵਰਕੌਮ ਦੇ ਡਾਇਰੈਕਟਰ ‘ਪ੍ਰਬੰਧਕੀ’ ਡੀਆਈ.ਐਸ.ਗਰੇਵਾਲ ਨੇ ਦੱਸਿਆ ਕਿ ਭਾਵੇਂ ਤੂਫਾਨ ਸਬੰਧੀ ਹਾਲੇ ਵਿੱਤੀ ਨੁਕਸਾਨ ਦਾ ਹਿਸਾਬ ਨਹੀਂ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਨੂੰ ਸਪਲਾਈ ਬਹਾਲ ਹੋਣ ਲਈ ਤਿੰਨ-ਚਾਰ ਲੱਗ ਸਕਦੇ ਹਨ।