ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 1 ਦਸੰਬਰ
ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਯੂਨਿਟ ਸਰਹਿੰਦ ਵੱਲੋਂ ਅੱਜ ਪ੍ਰਧਾਨ ਜਸਪਾਲ ਸਿੰਘ ਰੈਲੀ ਦੀ ਅਗਵਾਈ ਵਿੱਚ ਕੰਮਕਾਰ ਠੱਪ ਕਰ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਮੰਨੀਆਂ ਮੰਗਾਂ ਦਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਾ ਹੋਣ ਤੱਕ ਕੰਮ ਠੱਪ ਰੱਖਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਜਸਪਾਲ ਸਿੰਘ ਰੈਲੀ ਨੇ ਕਿਹਾ ਕਿ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਪੇਅ ਬੈਂਡ ਦੇ ਸਬੰਧ ਵਿਚ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਗਈਆਂ ਤੇ ਮੁਲਾਜ਼ਮਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਧਰਨੇ ਨੂੰ ਖ਼ਤਮ ਕਰਵਾਉਣ ਲਈ ਪਾਵਰਕੌਮ ਨੇ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ 30 ਨਵੰਬਰ ਤੱਕ ਕਰਨਾ ਸੀ ਪਰ ਉਸ ਦੀ ਤਾਰੀਕ ਵਧਾ ਕੇ ਹੁਣ 4 ਦਸੰਬਰ ਕਰ ਦਿੱਤੀ ਗਈ ਹੈ। ਪਾਵਰਕੌਮ ਦੇ ਭਰੋਸੇ ਤੋਂ ਬਾਅਦ ਰੋਸ ਧਰਨਾ ਚੁੱਕ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਵਾਰ-ਵਾਰ ਮੀਟਿੰਗਾਂ ਬੁਲਾ ਕੇ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਰ ਕੇ ਬਿਜਲੀ ਮੁਲਾਜ਼ਮਾਂ ਵਿਚ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਸੰਘਰਸ਼ ਦੌਰਾਨ ਪਾਵਰਕੌਮ ਦਾ ਜੋ ਵੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਅਦਾਰੇ ਦੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਜੰਜੂਆ, ਵਰਿੰਦਰਜੀਤ ਸਿੰਘ ਰੁਪਾਲਹੇੜੀ, ਮਨਦੀਪ ਸਿੰਘ ਮਾਜਰੀ ਸੋਢੀਆ, ਸਵਰਨ ਸਿੰਘ, ਦਰਸ਼ਨ ਸਿੰਘ, ਰਾਜਵੀਰ ਕੁਮਾਰ ਰਸੂਲਪੁਰ, ਖੇਮ ਬਹਾਦਰ, ਅਵਤਾਰ ਸਿੰਘ ਡੇਰਾ, ਅਵਤਾਰ ਬੀਬੀਪੁਰ, ਸੰਦੀਪ ਕੁਮਾਰ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਹਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਸਵਰਨ ਸਿੰਘ, ਘਨ੍ਹੱਈਆ ਲਾਲ, ਗੁਰਸੇਵਕ ਸਿੰਘ ਹਾਜ਼ਰ ਸਨ।