ਖੇਤਰੀ ਪ੍ਰਤੀਨਿਧ
ਪਟਿਆਲਾ, 2 ਦਸੰਬਰ
ਪਾਵਰਕੌਮ ਦੇ ਨਵ-ਨਿਯੁਕਤ ਪ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਨੌਕਰੀ ਦੀ ਮੰਗ ਸਬੰਧੀ ਸਵਾ ਦੋ ਮਹੀਨਿਆਂ ਤੋਂ ਪਾਵਰਕੌਮ ਦਫ਼ਤਰ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ‘ਮ੍ਰਿਤਕ ਮੁਲਾਜ਼ਮ ਆਸ਼ਰਿਤ ਸੰਘਰਸ਼ ਕਮੇਟੀ’ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਕਮੇਟੀ ਦੇ 11 ਮੈਂਬਰ 27 ਸਤੰਬਰ ਤੋਂ ਦਫ਼ਤਰ ਦੀ ਛੱਤ ’ਤੇ ਧਰਨਾ ਲਾ ਕੇ ਬੈਠੇ ਹਨ, ਜਦਕਿ ਇਨ੍ਹਾਂ ਦੇ ਬਾਕੀ ਸਾਥੀ ਪਾਵਰਕੌਮ ਦੇ ਗੇਟਾਂ ’ਤੇ ਡਟੇ ਹੋਏ ਹਨ। ਧਰਨਾਕਾਰੀ ਨੌਕਰੀ ਦੌਰਾਨ ਫੌਤ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀ ਥਾਂ ਨੌਕਰੀ ਦੀ ਮੰਗ ਕਰ ਰਹੇ ਹਨ। ਜੌਲੀ ਜਲਾਲਪੁਰ ਨੇ ਛੱਤ ’ਤੇ ਜਾ ਕੇ ਇਨ੍ਹਾਂ ਆਸ਼ਰਿਤਾਂ ਨਾਲ ਮੁਲਾਕਾਤ ਕੀਤੀ ਅਤੇ ਜਲਦੀ ਹੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਮੁੱਦੇ ’ਤੇ ਗੱਲਬਾਤ ਕਰਨ ਦਾ ਭਰੋਸਾ ਦਿੱਤਾ।