ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਪਰੈਲ
ਕਣਕ ਦੀ ਵਾਢੀ ਸ਼ੁਰੂ ਹੋਇਆਂ ਨੂੰ ਅਜੇ ਕੁਝ ਹੀ ਦਿਨ ਬੀਤੇ ਹਨ ਕਿ ਸੂਬੇ ਵਿੱਚ ਕਈ ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਕਾਰਨ ਕਈ ਏਕੜ ਫ਼ਸਲ ਸੜ ਕੇ ਸੁਆਹ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਥਾਈਂ ਨਾੜ ਨੂੰ ਵੀ ਅੱਗ ਲੱਗੀ ਹੈ। ਇਨ੍ਹਾਂ ਘਟਨਾਵਾਂ ਵਿੱਚ ਬਹੁਤੀ ਥਾਈਂ ਅੱਗ ਬਿਜਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਲੱਗੀ ਅਤੇ ਕਈ ਥਾਈਂ ਅੱਗ ਲੱਗਣ ਦੇ ਹੋਰ ਕਾਰਨ ਵੀ ਰਹੇ। ਇਸ ਮੰਦਭਾਗੇੇ ਵਰਤਾਰੇ ’ਤੇੇ ਫਿਕਰਮੰਦੀ ਜ਼ਾਹਿਰ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਭਾਵੇਂ ਕਿ ਮੰਤਰੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ ’ਤੇ ਤਸੱਲੀ ਪ੍ਰਗਟ ਕੀਤੀ ਹੈ ਪਰ ਕਿਸਾਨਾਂ ਰਾਹੀਂ ਮਿਲੀਆਂ ਰਿਪੋਰਟਾਂ ਦੌਰਾਨ ਕੁਝ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ’ਤੇ ਉਨ੍ਹਾਂ ਕੰਮ ਪ੍ਰਤੀ ਘੇਸਲ ਵੱਟਣ ਵਾਲੇ ਕੁਝ ਅਧਿਕਾਰੀਆਂ ਦੀ ਖਿਚਾਈ ਵੀ ਕੀਤੀ ਹੈ।
ਬਿਜਲੀ ਮੰਤਰੀ ਨੇ ਪਾਵਰਕੌਮ ਦੇ ਸਮੂਹ ਮੁੱਖ ਇੰਜਨੀਅਰਾਂ, ਸੰਚਾਲਨ ਤੇ ਫੀਲਡ ਅਫ਼ਸਰਾਂ ਨੂੰ ਕਣਕ ਦੀ ਵਾਢੀ ਮੌਕੇ ਬਿਜਲੀ ਦੇ ਸਪਾਰਕ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਕਾਰਵਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਸਪਾਰਕ ਹੋਈਆਂ ਤਾਰਾਂ ਬਾਰੇ ਜਾਣਕਾਰੀ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਵਿੱਚ ਸਥਾਪਤ ਕੀਤੇ ਗਏ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 96461-06835 ਅਤੇ 96461-06836 ’ਤੇ ਦੇਣ ਲਈ ਕਿਹਾ ਗਿਆ, ਜੋ 24 ਘੰਟੇ ਚਾਲੂ ਰਹਿਣਗੇ।