ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਕੋਲੇ ਦੀ ਤੋਟ ਕਾਰਨ ਜਿੱਥੇ ਆਮ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਹ ਤੋਟ ਪਾਵਰਕੌਮ ਲਈ ਵੀ ਆਰਥਿਕ ਬੋਝ ਵਧਾ ਰਹੀ ਹੈ। ਜੇਕਰ ਸਿਰਫ਼ ਅਕਤੂਬਰ ਦੇ 13 ਦਿਨਾਂ ਦੀ ਹੀ ਗੱਲ ਕਰੀਏ ਤਾਂ ਹੁਣ ਤੱਕ ਪਾਵਰਕੌਮ ਨੇ ਬਿਜਲੀ ਦੀ ਖ਼ਰੀਦ ’ਤੇ 311 ਕਰੋੜ ਰੁਪਏ ਦਾ ਖਰਚਾ ਕੀਤਾ ਹੈ। ਇਸ ਦੌਰਾਨ ਸਭ ਤੋਂ ਵੱਧ (36.42 ਕਰੋੜ) ਬਿਜਲੀ 12 ਅਕਤੂਬਰ ਨੂੰ ਖ਼ਰੀਦਣੀ ਪਈ ਹੈ ਜਦਕਿ 13 ਅਕਤੂਬਰ ਨੂੰ ਪਾਵਰਕੌਮ ਨੇ 30 ਕਰੋੜ ਰੁਪਏ ਖਰਚ ਕੇ 30 ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਹੈ। ਜਾਣਕਾਰੀ ਮੁਤਾਬਕ 12 ਅਕਤੂਬਰ ਨੂੰ ਮੰਗ ਦਸ ਹਜ਼ਾਰ ਮੈਗਾਵਾਟ ਤੇ 13 ਨੂੰ 7 ਹਜ਼ਾਰ ਮੈਗਾਵਾਟ ਦੇ ਕਰੀਬ ਰਹੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਣਜੀਤ ਸਾਗਰ ਡੈਮ ਦੇ ਕਾਫ਼ੀ ਸਮੇਂ ਤੋਂ ਬੰਦ ਪਏ ਚਾਰੇ ਯੂਨਿਟ ਵੀ ਚਾਲੂ ਕੀਤੇ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਜ਼ਾਨਾ ਦਾ 600 ਮੈਗਾਵਾਟ ਬਿਜਲੀ ਉਤਪਾਦਨ ਹੋਰ ਵਧ ਜਾਵੇਗਾ।
ਇਸੇ ਦੌਰਾਨ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਕੁਝ ਸਮੇਂ ਤੋਂ ਬੰਦ ਪਿਆ 660 ਮੈਗਾਵਾਟ ਸਮਰੱਥਾ ਵਾਲਾ ਇੱਕ ਯੂਨਿਟ ਨੰਬਰ 3 ਵੀ ਅੱਜ ਚੱਲ ਪਿਆ ਹੈ, ਪਰ ਇਸੇ ਥਰਮਲ ਦਾ ਇੰਨੀ ਹੀ ਸਮਰੱਥਾ ਰੱਖਦਾ ਇੱਕ ਹੋਰ ਯੂਨਿਟ ਨੰਬਰ ਅੱਜ ਤਕਨੀਕੀ ਨੁਕਸ ਕਾਰਨ ਬੰਦ ਹੋ ਗਿਆ। ਇਸ ਤੋਂ ਇਲਾਵਾ ਦੋ ਸਰਕਾਰੀ ਥਰਮਲਾਂ ਰੋਪੜ ਅਤੇ ਲਹਿਰਾ ਮੁਹੱਬਤ ਦਾ ਵੀ ਇੱਕ ਇੱਕ ਯੂਨਿਟ ਬੰਦ ਪਿਆ ਹੈ, ਪਰ ਆਨੰਦਪੁਰ ਸਾਹਿਬ ਹਾਈਡਰੋ ਪ੍ਰਾਜੈਕਟ ਤੋਂ ਪਾਵਰਕੌਮ ਨੂੰ 80 ਮੈਗਾਵਾਟ ਦੀ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ। ਉਂਜ, ਰਾਜ ਅੰਦਰ ਇਸ ਵੇਲੇ ਰਾਜਪੁਰਾ ਸਥਿਤ ਪ੍ਰਾਈਵੇਟ ਥਰਮਲ ਪਲਾਂਟ ਸਾਰੇ ਥਰਮਲਾਂ ਨਾਲੋਂ ਵੱਧ ਕਰੀਬ 1300 ਮੈਗਾਵਾਟ ਬਿਜਲੀ ਦਾ ਰੋਜ਼ਾਨਾ ਉਤਪਾਦਨ ਕਰ ਰਿਹਾ ਹੈ। ਇਸ ਦੌਰਾਨ ਕੋਲੇ ਦੀ ਸਪਲਾਈ ਵਿੱਚ ਵੀ ਮਾਮੂਲੀ ਸੁਧਾਰ ਵੀ ਵੇਖਣ ਨੂੰ ਮਿਲਿਆ। ਪੰਜਾਬ ਨੂੰ ਮਿਲਣ ਵਾਲੇ ਕੋਲੇ ਦੇ ਰੈਕਾਂ ਦੀ ਗਿਣਤੀ ਵੀ ਹੁਣ 11 ਤੋਂ 13 ਹੋ ਗਈ ਹੈ। ਇਸੇ ਤਰ੍ਹਾਂ ਪਹਿਲਾਂ ਜਿਥੇ 11 ਜਾਂ 12 ਰੈਕ ਲੋਡ ਕੀਤੇ ਜਾ ਰਹੇ ਸਨ, ਉੱਥੇ ਹੀ ਬੀਤੇ ਕੱਲ੍ਹ ਪੰਜਾਬ ਲਈ ਕੋਲੇ ਦੇ 15-15 ਰੈਕ ਲੋਡ ਹੋਏ ਹਨ ਤੇ 51 ਰੈਕ ਰਾਹ ਵਿੱਚ ਹਨ। ਮੌਸਮ ਨੂੰ ਦੇਖਦੇ ਹੋਏ ਬਿਜਲੀ ਦੀ ਮੰਗ ਵੀ ਘਟਣ ਦੇ ਆਸਾਰ ਹਨ।
‘ਪਾਰਵਕੌਮ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਲਈ ਯਤਨਸ਼ੀਲ’
ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸ਼ਾਦ ਨੇ ਦੱਸਿਆ ਕਿ ਪਾਰਵਕੌਮ ਲੋਕਾਂ ਨੂੰ ਨਿਰਵਿਘਨ ਤੇ ਮਿਆਰੀ ਬਿਜਲੀ ਦੇਣ ਲਈ ਹਮੇਸ਼ਾ ਤੋਂ ਯਤਨਸ਼ੀਲ ਹੈ। ਹੁਣ ਤਾਜ਼ਾ ਸਮੱਸਿਆ ਨਾਲ ਨਜਿੱਠਣ ਲਈ ਵੀ ਵੱਡ ਪੱਧਰ ’ਤੇ ਯਤਨ ਜਾਰੀ ਹਨ।