ਰਵੇਲ ਸਿੰਘ ਭਿੰਡਰ
ਪਟਿਆਲਾ, 4 ਜੂਨ
ਪਾਵਰਕੌਮ ਤਕਨੀਕੀ ਲਿਹਾਜ਼ ਤੋਂ ਅੱਜ ਤੋਂ ਪਾਵਰਲੈੱਸ ਹੋ ਗਿਆ ਹੈ। ਸੀਐੱਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਦਾ ਕਾਰਜਕਾਲ ਭਾਵੇਂ ਭਲਕੇ 5 ਜੂਨ ਦੀ ਅੱਧੀ ਰਾਤ ਤਕ ਹੈ, ਪਰ ਭਲਕੇ ਸਰਕਾਰੀ ਛੁੱਟੀ ਹੋਣ ਕਾਰਨ ਤਕਨੀਕੀ ਤੌਰ ’ਤੇ ਉਨ੍ਹਾਂ ਦਾ ਅੱਜ ਆਖ਼ਰੀ ਕੰਮਕਾਜੀ ਦਿਨ ਸੀ। ਦੂਜੇ ਪਾਸੇ ਅਗਲੇ ਸੀਐੱਮਡੀ ਦੀ ਨਿਯੁਕਤੀ ਸਬੰਧੀ ਫ਼ੈਸਲਾ ਲੈਣ ’ਚ ਹਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਥਿਤ ਤੌਰ ’ਤੇ ਦੁਚਿੱਤੀ ਵਿਚ ਹਨ। ਉਧਰ, ਪਾਵਰਕੌਮ ਦੇ ਟੈਕਨੀਕਲ ਕੇਡਰ ਦੇ ਤਿੰਨ ਡਾਇਰੈਕਟਰਾਂ ਦੀ ਮਿਆਦ ਵੀ ਤਿੰਨ-ਚਾਰ ਦਿਨਾਂ ਦੀ ਬਚੀ ਹੈ, ਪਰ ਸਰਕਾਰ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲੈ ਸਕੀ।
ਪਾਵਰਕੌਮ ਦੇ ਅਗਲੇ ਸੀ.ਐੱਮ.ਡੀ. ਦੀ ਨਿਯੁਕਤੀ ਸਬੰਧੀ ਪੰਜਾਬ ਸਰਕਾਰ ਨੇ ਭਾਵੇਂ ਐਤਕੀਂ ਅਰਜ਼ੀਆਂ ਨਹੀਂ ਮੰਗੀਆਂ ਸਨ, ਫਿਰ ਵੀ ਸਰਕਾਰ ਨੇ ਮਾਮਲਾ ਵਿਚਾਰਨ ਸਬੰਧੀ ਫਾਈਲ ਤਿਆਰ ਕੀਤੀ ਹੈ। ਫਾਈਲ ਆਖ਼ਰੀ ਗੇੜ ’ਚ ਹੁਣ ਮੁੱਖ ਮੰਤਰੀ ਦੇ ਦਰਬਾਰ ਪੁੱਜੀ ਹੋਈ ਹੈ। ਆਖ਼ਰੀ ਫ਼ੈਸਲਾ ਮੁੱਖ ਮੰਤਰੀ ਵੱਲੋਂ ਹੀ ਲਿਆ ਜਾਣਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਵੱਲੋਂ ਨਵੇਂ ਸੀ.ਐੱਮ.ਡੀ. ਸਬੰਧੀ ਫ਼ੈਸਲਾ ਲੈਣ ਲਈ ਅੱਜ ਦੋ-ਤਿੰਨ ਵਾਰ ਸਲਾਹ ਮਸ਼ਵਰਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਪਜੇ ਹਾਲਾਤ ਕਾਰਨ ਸੀ.ਐੱਮ.ਡੀ. ਇੰਜਨੀਅਰ ਸਰਾਂ ਨੂੰ ਅਗਲੇ ਹੁਕਮਾਂ ਤਕ ਬਰਕਰਾਰ ਵੀ ਰੱਖਿਆ ਜਾ ਸਕਦਾ ਹੈ। ਜੇ ਅਜਿਹਾ ਸੰਭਵ ਨਾ ਹੋ ਸਕਿਆ ਤਾਂ ਅਦਾਰੇ ਦੇ ਵਾਧੂ ਚਾਰਜ ਦਾ ਜ਼ਿੰਮਾ ਸਕੱਤਰੇਤ ‘ਪਾਵਰ’ ਹਵਾਲੇ ਵੀ ਕੀਤਾ ਜਾ ਸਕਦਾ ਹੈ।
ਭਾਵੇਂ ਸਰਕਾਰ ਕਾਹਲੀ ’ਚ ਫ਼ੈਸਲਾ ਲੈਣ ਤੋਂ ਗੁਰੇਜ਼ ਕਰ ਰਹੀ ਹੈ, ਫਿਰ ਵੀ ਸੀ.ਐੱਮ.ਡੀ. ਸਰਾਂ ਦੀ ਭਲਕੇ ਤਕ ਦੀ ਟਰਮ ਤੋਂ ਪਹਿਲਾਂ ਕੋਈ ਫ਼ੈਸਲਾ ਲੈਣਾ ਜ਼ਰੂਰੀ ਬਣਿਆ ਹੋਇਆ ਹੈ। ਉਧਰ, ਡਾਇਰੈਕਟਰ ਕ੍ਰਮਵਾਰ ਵੰਡ, ਕਮਰਸ਼ੀਅਲ ਦੀ ਮਿਆਦ ਸੱਤ ਜੂਨ ਤਕ ਹੀ ਹੈ, ਜਦਕਿ ਡਾਇਰੈਕਟਰ ਜਨਰੇਸ਼ਨ ਦੀ ਮਿਆਦ 10 ਜੂਨ ਤਕ ਬਚੀ ਹੈ। ਡਾਇਰੈਕਟਰਾਂ ਦੀ ਨਿਯੁਕਤੀ ਲਈ ਸਰਕਾਰ ਨੇ ਅਰਜ਼ੀਆਂ ਮੰਗੀਆਂ ਸਨ ਤੇ ਉੱਚ ਪੱਧਰੀ ਚੋਣ ਕਮੇਟੀ ਵੀ ਗਠਿਤ ਕੀਤੀ ਗਈ ਹੈ।
ਡਾਇਰੈਕਟਰਾਂ ਦੀ ਨਿਯੁਕਤੀ ਦਾ ਅਮਲ ਅਗਲੇ ਹਫ਼ਤੇ ਨਬਿੇੜ ਦਿੱਤਾ ਜਾਵੇਗਾ: ਪ੍ਰਿੰਸੀਪਲ ਸਕੱਤਰ
ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ‘ਪਾਵਰ’ ਏ.ਵੇਣੂ ਪ੍ਰਸਾਦ ਨੇ ਦੱਸਿਆ ਕਿ ਡਾਇਰੈਕਟਰਾਂ ਦੀ ਨਿਯੁਕਤੀ ਦਾ ਅਮਲ ਅਗਲੇ ਹਫ਼ਤੇ ਨਬਿੇੜ ਦਿੱਤਾ ਜਾਵੇਗਾ, ਪਰ ਸੀ.ਐੱਮ.ਡੀ.ਦੀ ਅਗਲੀ ਨਿਯੁਕਤੀ ਦਾ ਮਾਮਲਾ ਮੁੱਖ ਮੰਤਰੀ ਖ਼ੁਦ ਹੀ ਵਿਚਾਰ ਰਹੇ ਹਨ।