ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਪਰੈਲ
ਪੰਜਾਬ ਵਿੱਚ ਕਣਕ ਦੀ ਵਾਢੀ ਦਾ ਕੰਮ ਲਗਪਗ ਨਬਿੜ ਚੁੱਕਿਆ ਹੈ। ਇਸ ਲਈ ਪਾਵਰਕੌਮ ਨੇ 20 ਅਪਰੈਲ ਤੋਂ ਫ਼ਸਲਾਂ ਅਤੇ ਸਬਜ਼ੀਆਂ ਦੀ ਬਿਜਾਈ ਸਬੰਧੀ ਖੇਤੀਬਾੜੀ ਖਪਤਕਾਰਾਂ ਲਈ ਟਿਊਬਵੈੱਲਾਂ ’ਤੇ ਆਧਾਰਿਤ ਬਿਜਲੀ ਸਪਲਾਈ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ।
ਇਸ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਕਪਾਹ ਖੇਤਰ ਦੇ ਫੀਡਰ ਲਈ 20 ਅਪਰੈਲ ਤੋਂ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਗੰਨਾ/ਲੀਚੀ/ਸੂਰਜਮੁਖੀ ਅਤੇ ਬਾਗਬਾਨੀ ਲਈ ਰੋਜ਼ਾਨਾ ਛੇ ਘੰਟੇ ਜਦਕਿ ਬਾਕੀਆਂ ਬਚੀਆਂ ਫ਼ਸਲਾਂ ਲਈ ਰੋਜ਼ਾਨਾ 4 ਘੰਟੇ/ਵਿਕਲਪਿਕ 8 ਘੰਟੇ ਬਿਜਲੀ ਸਪਲਾਈ ਛੱਡੀ ਜਾਵੇਗੀ। ਇਸੇ ਦੌਰਾਨ ਕੋਲੇ ਦੀ ਘਾਟ ਕਾਰਨ ਪਾਵਰਕੌਮ ਨੇ ਕਿਸਾਨਾਂ ਸਮੇਤ ਹੋਰ ਵਰਗਾਂ ਨੂੰ ਜਿੱਥੇ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ, ਉੱਥੇ ਹੀ ਖਾਸ ਕਰ ਕੇ ਕਿਸਾਨਾਂ ਨੂੰ ਫ਼ਸਲਾਂ ਦੀ ਕਾਸ਼ਤ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਨ ਅਤੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਖਾਲੀ ਖੇਤਾਂ ਨੂੰ ਪਾਣੀ ਦੇਣ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਬੁਲਾਰੇ ਨੇ ਹੋਰ ਦੱਸਿਆ ਕਿ ਤੇਜ਼ ਗਰਮੀ ਕਾਰਨ ਬਿਜਲੀ ਦੀ ਮੰਗ ਕਈ ਗੁਣਾ ਵਧ ਗਈ ਹੈ। ਜਦਕਿ ਦੇਸ਼ ਭਰ ਵਿੱਚ ਕੋਲੇ ਦੀ ਕਿੱਲਤ ਨੂੰ ਦੇਖਦੇ ਹੋਏ, ਖਪਤਕਾਰ ਬਿਜਲੀ ਦੀ ਵੱਧ ਤੋਂ ਵੱਧ ਬੱਚਤ ਕਰਨ ਤਾਂ ਜੋ ਝੋਨੇ ਦੇ ਸੀਜ਼ਨ ਵਿੱਚ ਵਰਤੋਂ ਲਈ ਕੋਲੇ ਦਾ ਕਾਫੀ ਭੰਡਾਰ ਬਣਾਇਆ ਜਾ ਸਕੇ। ਪਾਵਰਕੌਮ ਨੇ ਕਿਸਾਨਾਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ।