ਜਗਮੋਹਨ ਸਿੰਘ
ਘਨੌਲੀ, 26 ਜੂਨ
ਪੰਜਾਬ ਅੰਦਰ ਮੀਂਹ ਪੈਣ ਮਗਰੋਂ ਬਿਜਲੀ ਦੀ ਮੰਗ ਵਿੱਚ ਵੱਡੀ ਗਿਰਾਵਟ ਆਉਣ ਕਾਰਨ ਪਾਵਰਕੌਮ ਨੇ ਸਰਕਾਰੀ ਥਰਮਲ ਪਲਾਂਟਾਂ ਦੇ 5 ਯੂਨਿਟਾਂ ‘ਚ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਬਿਜਲੀ ਦਾ ਖਰਚ ਘਟਾਉਣ ਲਈ ਵਿਭਾਗ ਨੇ ਪਣ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੂਬੇ ਅੰਦਰ ਬਿਜਲੀ ਦੀ ਮੰਗ ਬੀਤੇ ਦਿਨ ਦੇ ਮੁਕਾਬਲੇ ਲਗਪਗ 14,500 ਮੈਗਾਵਾਟ ਤੋਂ ਘਟ ਕੇ 11,435 ਮੈਗਾਵਾਟ ਰਹਿ ਗਈ, ਜਿਸ ਮਗਰੋਂ ਪਾਵਰਕੌਮ ਮੈਨੇਜਮੈਂਟ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3, 4 ਤੇ 5 ਨੰਬਰ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 3 ਅਤੇ 4 ਨੰਬਰ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ। ਥਰਮਲ ਪਲਾਂਟ ਰੂਪਨਗਰ ਦੇ ਯੂਨਿਟ ਨੰਬਰ 6 ਰਾਹੀਂ ਅੱਜ 154 ਮੈਗਾਵਾਟ ਅਤੇ ਲਹਿਰਾ ਮੁਹੱਬਤ ਦੇ 1 ਨੰਬਰ ਯੂਨਿਟ ਰਾਹੀਂ 170 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਪ੍ਰਾਈਵੇਟ ਥਰਮਲ ਪਲਾਂਟਾਂ ਨੇ ਵੀ ਆਪਣੀ ਸਮਰੱਥਾ ਨਾਲੋਂ ਲਗਪਗ ਅੱਧੀ ਬਿਜਲੀ ਦਾ ਉਤਪਾਦਨ ਕੀਤਾ। ਇਨ੍ਹਾਂ ਵਿੱਚੋਂ 1400 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 674, 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਨੇ 934, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇ ਯੂਨਿਟਾਂ ਨੇ ਸਿਰਫ 300 ਯੂਨਿਟ ਬਿਜਲੀ ਪੈਦਾ ਕੀਤੀ।
ਪਣ ਬਿਜਲੀ ਘਰਾਂ ਵਿੱਚੋਂ 600 ਮੈਗਾਵਾਟ ਵਾਲੇ ਰਣਜੀਤ ਸਾਗਰ ਡੈਮ ਦੇ ਯੂਨਿਟਾਂ ਨੇ 365 ਮੈਗਾਵਾਟ, 91.35 ਮੈਗਾਵਾਟ ਦੇ ਅੱਪਰ-ਬਾਰੀ ਦੋਆਬ ਨਹਿਰੀ ਪਣ ਬਿਜਲੀ ਘਰ ਦੇ ਯੂਨਿਟਾਂ ਨੇ 86 ਮੈਗਾਵਾਟ, 225 ਮੈਗਾਵਾਟ ਸਮਰੱਥਾ ਵਾਲੇ ਮੁਕੇਰੀਆਂ ਪਣ ਬਿਜਲੀ ਘਰ ਦੇ ਯੂਨਿਟਾਂ ਨੇ 212 ਮੈਗਾਵਾਟ, 67 ਮੈਗਾਵਾਟ ਸਮਰੱਥਾ ਵਾਲੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-1 ਅਤੇ ਪ੍ਰਾਜੈਕਟ-2 ਦੇ ਚਾਰ ਯੂਨਿਟਾਂ ਨੇ 57-57 ਮੈਗਾਵਾਟ ਅਤੇ 110 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਸ਼ਾਨਨ ਪਣ ਬਿਜਲੀ ਘਰ ਨੇ 105 ਮੈਗਾਵਾਟ ਬਿਜਲੀ ਪੈਦਾ ਕੀਤੀ।