ਗੁਰਬਖਸ਼ਪੁਰੀ
ਤਰਨ ਤਾਰਨ, 25 ਦਸੰਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਸਭਰਾ, ਜੌੜਾ, ਬੋਪਾਰਾਏ, ਅਲਗੋਂ ਕੋਠੀ ਸਮੇਤ ਲਗਪਗ 30 ਪਿੰਡਾਂ ਵਿੱਚ ਜੀਓ ਦੇ ਟਾਵਰਾਂ ਦੀ ਬਿਜਲੀ ਬੰਦ ਕਰ ਦਿੱਤੀ ਗਈ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਧੰਨਾ ਸਿੰਘ ਲਾਲੂ ਘੁੰਮਣ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੋਹਲਵੜ੍ਹ, ਕੋਟ ਧਰਮ ਚੰਦ ਕਲਾਂ, ਠੱਠੀ ਸੋਹਲ, ਰੱਤਾਗੁੱਦਾ, ਮੁਗਲਵਾਲਾ, ਪੱਧਰੀ ਕਲਾਂ, ਨੂਰਪੁਰ, ਰਸੂਲਪੁਰ (ਭਿੱਖੀਵਿੰਡ), ਮਾੜੀਮੇਘਾ, ਮਾਲੂਵਾਲ ਸੰਤਾਂ, ਭੂਰਾ ਕੋਨਾ, ਸਾਂਢਪੂਰਾ ਸਮੇਤ 125 ਪਿੰਡਾਂ ਦੇ ਟਾਵਰਾਂ ਦੀ ਬਿਜਲੀ ਬੰਦ ਕੀਤੀ ਜਾ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੇ ਜੀਓ ਟਾਵਰਾਂ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਕੋਟ ਧਰਮ ਚੰਦ ਕਲਾਂ ਦੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਟਾਵਰਾਂ ਦੀ ਬਿਜਲੀ ਬੰਦ ਕਰਨ ਤੋਂ ਪਹਿਲਾਂ ਪਿੰਡ ਦੇ ਕਿਸਾਨਾਂ ਅਤੇ ਆਮ ਲੋਕਾਂ ਨੇ ਇਕੱਠ ਕੀਤਾ ਅਤੇ ਕਿਸਾਨੀ ਅੰਦੋਲਨ ਦਾ ਸਾਥ ਦੇਣ ਦਾ ਪ੍ਰਣ ਲਿਆ| ਇਸ ਦੌਰਾਨ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਾਵਰਾਂ ਦੀ ਬਿਜਲੀ ਬੰਦ ਕਰਨ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ।
ਜੀਓ ਟਾਵਰ ਦਾ ਬਿਜਲੀ ਕੁਨੈਕਸ਼ਨ ਜੋੜਨ ’ਤੇ ਕਿਸਾਨਾਂ ਵੱਲੋਂ ਆਵਾਜਾਈ ਠੱਪ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਇਥੋਂ ਦੇ ਮੁਹੱਲਾ ਕੁੱਲਾਪੱਤੀ ਵਿੱਚ ਬੀਤੇ ਦਿਨ ਕਿਸਾਨਾਂ ਵੱਲੋਂ ਕੱਟੇ ਗਏ ਜੀਓ ਟਾਵਰ ਦਾ ਕੁਨੈਕਸ਼ਨ ਅੱਜ ਪ੍ਰਸ਼ਾਸਨ ਵੱਲੋਂ ਮੁੜ ਜੋੜਨ ’ਤੇ ਰੋਹ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਨੇ ਤਾਜਪੁਰ ਚੌਕ ਵਿੱਚ ਧਰਨਾ ਲਗਾ ਦਿੱਤਾ। ਇਸ ਕਾਰਨ ਰਾਏਕੋਟ, ਲੁਧਿਆਣਾ, ਮਾਲੇਰਕੋਟਲਾ, ਅਹਿਮਦਗੜ੍ਹ, ਪੱਖੋਵਾਲ, ਸਰਾਭਾ ਦੀ ਆਵਾਜਾਈ ਠੱਪ ਹੋ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਜੰਟਾ, ਰਾਜਦੀਪ ਸਿੰਘ, ਗੁਰਵਿੰਦਰ ਸਿੰਘ ਗੋਗੀ ਸੀਲੋਆਣੀ ਤੇ ਡਾ. ਚਰਨ ਸਿੰਘ ਬੜਿੰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀ ਹੋਂਦ ਖਤਮ ਕਰਨ ਦੀ ਚਾਲ ਚੱਲੀ ਹੈ, ਜਿਸ ਨੂੰ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਇੱਥੇ ਰਿਲਾਇੰਸ ਦੇ ਕਿਸੇ ਵੀ ਕਾਰੋਬਾਰ ਨੂੰ ਚੱਲਣ ਨਹੀਂ ਦੇਣਗੇ। ਇਸ ਮੌਕੇ ਪੁਲੀਸ ਨੇ ਧਰਨਾਕਾਰੀਆਂ ਨੂੰ ਆਵਾਜਾਈ ਬਹਾਲ ਕਰਨ ਦੀ ਅਪੀਲ ਕੀਤੀ ਪਰ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤਕ ਜੀਓ ਟਾਵਰ ਦਾ ਕੁਨੈਕਸ਼ਨ ਮੁੜ ਨਹੀਂ ਕੱਟਿਆ ਜਾਂਦਾ, ਉਦੋਂ ਤਕ ਉਹ ਇਸੇ ਤਰ੍ਹਾਂ ਧਰਨੇ ’ਤੇ ਬੈਠੇ ਰਹਿਣਗੇ। ਇਸ ਮਗਰੋਂ ਜਦੋਂ ਕਾਫੀ ਲੰਮਾ ਜਾਮ ਲੱਗ ਗਿਆ ਤਾਂ ਪ੍ਰਸ਼ਾਸਨ ਨੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ ਅਤੇ ਕਿਸਾਨਾਂ ਨੇ ਆਵਾਜਾਈ ਬਹਾਲ ਕਰ ਦਿੱਤੀ। ਇਸ ਮੌਕੇ ਜਸਕਰਨ ਸਿੰਘ ਲੱਕੀ ਬੁੱਟਰ, ਮਨਪ੍ਰੀਤ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਕਮਲਜੀਤ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਹਾਜ਼ਰ ਸਨ।