ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਪਰੈਲ
ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਹਾਰ ਉੱਤੇ ਮੰਥਨ ਮਗਰੋਂ ਪੰਜਾਬ ਦੇ ਬਹੁਤੇ ਕਾਂਗਰਸੀ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੜ ਕਾਂਗਰਸ ਦੀ ਕਮਾਨ ਸੌਂਪਣ ’ਤੇ ਜ਼ੋਰ ਦਿੱਤਾ ਹੈ। ਆਗੂਆਂ ਨੇ ਕਾਂਗਰਸ ਹਾਈ ਕਮਾਨ ਨੂੰ ਤਰਕ ਦਿੱਤਾ ਹੈ ਕਿ ਭਾਵੇਂ ਕੁਝ ਹੋਰ ਆਗੂ ਵੀ ਹੋਣਗੇ, ਪਰ ਮੁੱਖ ਤੌਰ ’ਤੇ ਨਵਜੋਤ ਸਿੱਧੂ ਹੀ ਕਾਂਗਰਸ ਪਾਰਟੀ ਨੂੰ ਮੁੜ ਲੀਹ ’ਤੇ ਲਿਆਉਣ ਦੇ ਸਮਰੱਥ ਹਨ। ਲਿਹਾਜ਼ਾ ਉਨ੍ਹਾਂ ਨੂੰ ਹੀ ਮੁੜ ਤੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਕਾਂਗਰਸੀ ਆਗੂਆਂ ਨੇ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਮੁੜ ਅੱਗੇ ਲੱਗਦੇ ਹਨ, ਤਾਂ ਕਾਂਗਰਸ ’ਚ ਨਵੀਂ ਰੂਹ ਫੂਕਣ ਲਈ ਉਹ ਸਾਰੇ ਸ਼ਿੱਦਤ ਨਾਲ ਉਨ੍ਹਾਂ ਦੀ ਅਗਵਾਈ ਹੇਠਾਂ ਪਾਰਟੀ ਲਈ ਕੰਮ ਕਰਨਗੇ। ਨਵਜੋਤ ਸਿੱਧੂ ਦੀ ਇਥੇ ਯਾਦਵਿੰਦਰਾ ਕਲੋਨੀ ਸਥਿਤ ਰਿਹਾਇਸ਼ ਵਿੱਚ ਅੱਜ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸੀ ਆਗੂਆਂ ਨੇ ਉਪਰੋਕਤ ਮਤਾ ਪਾਇਆ। ਪੰਜ ਘੰਟੇ ਦੇ ਕਰੀਬ ਚੱਲੇ ਵਿਚਾਰ ਵਟਾਂਦਰੇ ਵਿੱਚ ਮੁੱਖ ਤੌਰ ’ਤੇ ਸ਼ਮਸ਼ੇਰ ਸਿੰਘ ਦੂਲੋਂ, ਸ਼ੇਰ ਸਿੰਘ ਘੁਬਾਇਆ, ਅਸ਼ਵਨੀ ਸੇਖੜੀ, ਮੁਹੰਮਦ ਮੁਸਤਫਾ, ਮਹਿੰਦਰ ਸਿੰਘ ਕੇਪੀ, ਰਜ਼ੀਆ ਸੁਲਤਾਨਾ, ਹਰਦਿਆਲ ਕੰਬੋਜ, ਰਾਜਿੰਦਰ ਸਮਾਣਾ, ਹਰਮਿੰਦਰ ਗਿੱਲ, ਸੁਖਵਿੰਦਰ ਡੈਨੀ, ਸੁਰਜੀਤ ਧੀਮਾਨ, ਮਹਿਤਾਬ ਖਹਿਰਾ, ਸੁਨੀਲ ਦੱਤੀ, ਵਿਸ਼ਨੂੰ ਸ਼ਰਮਾ, ਗੁਰਪ੍ਰੀਤ ਜੀਪੀ, ਹਰਜਿੰਦਰ ਕਪੂਰਥਲਾ, ਪਿਰਮਲ ਖਾਲਸਾ, ਤਰਲੋਚਨ ਬੰਗਾ, ਸੰਤੋਸ਼ ਚੌਧਰੀ, ਦਵਿੰਦਰ ਘੁਬਾਇਆ ਸਣੇ ਕੁਝ ਹੋਰ ਆਗੂ ਮੌਜੂਦ ਸਨ।
ਜਾਣਕਾਰੀ ਅਨੁਸਾਰ ਕਾਂਗਰਸ ਦੀ ਨਮੋਸ਼ੀਜਨਕ ਹਾਰ ਸਬੰਧੀ ਹੋਈ ਖੁੱਲ੍ਹੀ ਚਰਚਾ ਦੌਰਾਨ ਕਾਂਗਰਸ ਦੀ ਗੁੱਟਬੰਦੀ, ‘ਆਪ’ ਦੀ ਹਵਾ ਅਤੇ ਲੋਕ ਮਨਾਂ ’ਚ ਉਤਪੰਨ ਹੋਈ ਬਦਲਾਅ ਦੀ ਭਾਵਨਾ ਮੁੱਖ ਕਾਰਨ ਮੰਨੇ ਗਏ। ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਮੁੜ ਤੋਂ ਪੈਰਾਂ ਸਿਰ ਕਰਨ, ਖਾਸ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਮਜ਼ਬੂਤ ਪਕੜ ਅਤੇ ਪਹਿਲੀ ਸਥਿਤੀ ਬਹਾਲ ਕਰਨ ਲਈ ਹੁਣ ਤੋਂ ਹੀ ਤਹੱਈਆ ਕਰਨਾ ਜ਼ਰੂਰੀ ਪਹਿਲੂ ਹੈ।
ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਦੀ ਹਦਾਇਤ ’ਤੇ ਅਸਮਾਨੀ ਪੁੱਜੀ ਮਹਿੰਗਾਈ ਖਿਲਾਫ਼ 4 ਅਪਰੈਲ ਨੂੰ ਪਾਰਟੀ ਵੱਲੋਂ ਨਵਜੋਤ ਸਿੱਧੂ ਦੀ ਅਗਵਾਈ ਹੇਠ ਪੰਜਾਬ ਭਰ ’ਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਅੱਜ ਲਏ ਫੈਸਲੇ ਤਹਿਤ ਸਿੱਧੂ ਤੇ ਹੋਰ ਕਾਂਗਰਸੀ ਆਗੂ 6 ਅਪਰੈਲ ਨੂੰ ਬਰਗਾੜੀ ਵਿੱਚ ਰੱਖੀ ਇਕੱਤਰਤਾ ’ਚ ਸ਼ਮੂਲੀਅਤ ਕਰਨਗੇ। ਪੈਟਰੋਲ, ਡੀਜ਼ਲ ਅਤੇ ਰਸੋੋਈ ਗੈਸ ਸਮੇਤ ਹੋਰ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਖ਼ਿਲਾਫ਼ 7 ਅਪਰੈਲ ਨੂੰ ਪੰੰਜਾਬ ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਚੰਡੀਗੜ੍ਹ ’ਚ ਧਰਨਾ ਦਿੱਤਾ ਜਾਵੇਗਾ।
ਕੁੱਟਮਾਰ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਮਿਲੇ ਨਵਜੋਤ ਸਿੱਧੂ
ਦੇਵੀਗੜ੍ਹ (ਪੱਤਰ ਪ੍ਰੇਰਕ): ਇਥੇ ‘ਆਪ’ ਦੇ ਕੁਝ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਮਿੱਟੀ ਦੇ ਠੇਕੇਦਾਰ ਦੇ ਭਰਾ ਨਾਲ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲੀਸ ਨੇ ਪਿੰਡ ਬ੍ਰਹਮਪੁਰ ਦੇ ਸੱਤ ਵਿਅਕਤੀਆਂ ਖ਼ਿਲਾਫ਼ ਧਾਰਾ-307 ਹੇਠ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 5 ਵਿਅਕਤੀ ਫ਼ਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ਸਬੰਧੀ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿੰਡ ਜੁਲਕਾਂ ਵਿੱਚ ਜਾ ਕੇ ਪੀੜਤ ਜਸਵਿੰਦਰ ਸਿੰਘ ਜੱਸੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਮੌਕੇ ’ਤੇ ਹੀ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨਾਲ ਫੋਨ ’ਤੇ ਗੱਲ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਵਿੱਚ ਅਜਿਹੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ।
ਹਿੰਦੂ ਤਵੀ ਤਾਕਤਾਂ ਦਾ ਰਾਹ ਰੋਕਣ ਲਈ ਕਾਂਗਰਸ ਨੂੰ ਜਿਉਂਦਾ ਰੱਖਣਾ ਜ਼ਰੂਰੀ: ਗਾਂਧੀ
ਪਟਿਆਲਾ: ਇਥੇ ਅੱਜ ਨਵਜੋਤ ਸਿੱਧੂ ਦੀ ਕੋਠੀ ’ਚ ਹੋਈ ਇਕੱਤਰਤਾ ਦੌਰਾਨ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਸ਼ਿਰਕਤ ਕੀਤੀ। ਉਹ ਤਰਕ ਦਿੰਦੇ ਹਨ ਕਿ ਉਹ ਕਾਂਗਰਸ ਮੀਟਿੰਗ ਦਾ ਹਿੱਸਾ ਨਹੀਂ ਸਨ। ਉਹ ਤਾਂ ਨਿੱਜੀ ਮਸਲੇ ਤਹਿਤ ਗਏ ਸਨ ਪਰ ਡੂੰਘੀ ਵਿਚਾਰ ਚਰਚਾ ਸੁਣਨ ਲਈ ਰੁਕੇ ਰਹੇ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਨਹੀਂ ਹਨ ਪਰ ਕਾਂਗਰਸ ਦਾ ਕਮਜ਼ੋਰ ਹੋਣਾ ਦੇਸ਼ ਦੇ ਹਿਤ ’ਚ ਨਹੀਂ ਹੈ। ਭਾਜਪਾ ਨੂੰ ਦੇਸ਼ ਵਿਰੋਧੀ ਤੇ ‘ਆਪ’ ਨੂੰ ਭਾਜਪਾ ਦੀ ਬੀ ਟੀਮ ਗਰਦਾਨਦਿਆਂ, ਗਾਂਧੀ ਨੇ ਕਿਹਾ ਕਿ ਜਮਹੂਰੀਅਤ, ਧਰਮ ਨਿਰਪੱਖਤਾ, ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਓਣ ਲਈ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਨੂੰ ਕਾਂਗਰਸ ਹੀ ਰੋਕ ਸਕਦੀ ਹੈ। ਜਿਸ ਕਰਕੇ ਕਾਂਗਰਸ ਦਾ ਮਜ਼ਬੂਤ ਧਿਰ ਬਣ ਕੇ ਉਭਰਨਾ ਜਰੂਰੀ ਪਹਿਲੂ ਹੈ।