ਜਗਮੋਹਨ ਸਿੰਘ
ਰੂਪਨਗਰ/ਘਨੌਲੀ, 11 ਜੂਨ
ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਲਗਾਤਾਰ ਪੈ ਰਹੀ ਅਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਧੀ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੋਂ ਪਾਰ ਹੋ ਗਈ ਹੈ, ਜਿਸ ਦੀ ਪੂਰਤੀ ਲਈ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਜਲੀ ਉਤਪਾਦਨ ਵੀ ਵਧਾ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਪ੍ਰਬੰਧਕਾਂ ਨੇ ਪਲਾਂਟ ਦੇ ਸਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਚਾਰੇ ਯੂਨਿਟਾਂ ਨੂੰ ਨਿਰਵਿਘਨ ਚਾਲੂ ਰੱਖਣ ਲਈ ਲਗਪਗ 75 ਆਈਟੀਆਈ ਤੇ ਮਕੈਨੀਕਲ ਇੰਜਨੀਅਰ ਡਿਪਲੋਮਾ ਧਾਰਕ ਨੌਜਵਾਨ ਕੱਚੇ ਕਾਮਿਆਂ ਵਜੋਂ ਭਰਤੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਸਾਰੇ ਯੂਨਿਟਾਂ ਰਾਹੀਂ ਵੱਧ ਤੋਂ ਵੱਧ ਉਤਪਾਦਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਥਰਮਲ ਪਲਾਂਟ ਰੂਪਨਗਰ ਦੇ 840 ਮੈਗਾਵਾਟ ਵਾਲੇ ਚਾਰੇ ਯੂਨਿਟ 615 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਸਨ। ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 710 ਮੈਗਾਵਾਟ ਸਮਰੱਥਾ ਵਾਲੇ 3 ਯੂਨਿਟਾਂ ਵੱਲੋਂ 519 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਤੇ 210 ਮੈਗਾਵਾਟ ਸਮਰੱਥਾ ਦਾ 2 ਨੰਬਰ ਯੂਨਿਟ ਬੰਦ ਰਿਹਾ। ਰੂਪਨਗਰ ਜ਼ਿਲ੍ਹੇ ਦੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਦੇ ਦੋਵੇਂ ਪ੍ਰਾਜੈਕਟਾਂ ਦੇ ਯੂਨਿਟਾਂ ਵੱਲੋਂ 30 ਮੈਗਾਵਾਟ, ਰਣਜੀਤ ਸਾਗਰ ਡੈਮ ਪਣ ਬਿਜਲੀ ਘਰ ਦੇ ਇੱਕ ਅਤੇ 4 ਨੰਬਰ ਯੂਨਿਟਾਂ ਵੱਲੋਂ 244 ਮੈਗਾਵਾਟ, ਅਪਰ ਬਾਰੀ ਦੋਆਬ ਦੇ ਯੂਨਿਟਾਂ ਵੱਲੋਂ 60 ਮੈਗਾਵਾਟ, ਮੁਕੇਰੀਆਂ ਹਾਈਡਲ ਪ੍ਰਾਜੈਕਟ ਵੱਲੋਂ 166 ਮੈਗਾਵਾਟ ਤੇ ਹਿਮਾਚਲ ਪ੍ਰਦੇਸ਼ ਵਿੱਚ ਲੱਗੇ ਸ਼ਾਨਨ ਪਣ ਬਿਜਲੀ ਘਰ ਵੱਲੋਂ 56 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ।
1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟ ਰਾਹੀਂ ਅੱਜ 1135 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਤਲਵੰਡੀ ਸਾਬੋ ਥਰਮਲ ਪਲਾਂਟ ਦਾ 1 ਨੰਬਰ ਯੂਨਿਟ ਬੰਦ ਰਿਹਾ, ਜਦਕਿ 2 ਅਤੇ 3 ਨੰਬਰ ਯੂਨਿਟ ਨੇ 632 ਮੈਗਾਵਾਟ ਬਿਜਲੀ ਪੈਦਾ ਕੀਤੀ। ਉਧਰ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਵੱਲੋਂ 149 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ ਪਲਾਂਟ ਦਾ 2 ਨੰਬਰ ਯੂਨਿਟ ਬੰਦ ਰਿਹਾ।