ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੁਲਾਈ
ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਤੋਂ ਪਹਿਲਾਂ ਟੇਢੇ ਤਰੀਕੇ ਨਾਲ ਪੰਜਾਬ ਸਰਕਾਰ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸੁਰ ’ਚ ਥੋੜ੍ਹੀ ਨਰਮੀ ਤਾਂ ਲਿਆਂਦੀ ਹੈ ਪਰ ਉਹ ਹਾਈਕਮਾਨ ਦੇ ਰੋਕੇ ਜਾਣ ਦੇ ਬਾਵਜੂਦ ਟਵੀਟ ’ਤੇ ਟਵੀਟ ਕਰ ਰਹੇ ਹਨ। ਉਨ੍ਹਾਂ ਅੱਜ ਟਵੀਟ ਕਰਕੇ ਨਸੀਹਤ ਦਿੱਤੀ ਹੈ ਕਿ ਬਿਜਲੀ ਖਰੀਦ ਸਮਝੌਤੇ ਰੱਦ ਕਰਕੇ ਹੀ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਸਕਦੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਬਿਜਲੀ ਖਰੀਦ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ, ਓਨਾ ਸਮਾਂ ਮੁਫਤ ਬਿਜਲੀ ਦੇਣ ਦੇ ਦਾਅਵੇ ਖੋਖਲੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਨਸਾਫ ਦੀ ਰਾਹ ’ਤੇ ਤੋਰਨਾ ਹੈ ਤਾਂ ਪੰਜਾਬ ਵਿਧਾਨ ਸਭਾ ਵਿਚ ਨਵਾਂ ਕਾਨੂੰਨ ਅਤੇ ਬਿਜਲੀ ਖਰੀਦ ਸਮਝੌਤਿਆਂ ’ਤੇ ਵ੍ਹਾਈਟ ਪੇਪਰ ਲਿਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਤਹਿਤ ਪੰਜਾਬ ਵਿਚ ਸੌ ਫੀਸਦੀ ਉਤਪਾਦਨ ਲਈ ਬੱਝਵੇਂ ਚਾਰਜ ਦੇਣਾ ਮਜਬੂਰੀ ਹੈ। ਜੇਕਰ ਇਹ ਬੱਝਵੇਂ ਚਾਰਜਿਜ਼ ਨਾ ਦਿੱਤੇ ਜਾਣ ਤਾਂ ਪੰਜਾਬ ਵਿਚ ਬਿਜਲੀ ਦੀ ਕੀਮਤ ਸਿੱਧਾ 1.20 ਰੁਪਏ ਪ੍ਰਤੀ ਯੂਨਿਟ ਘੱਟ ਜਾਵੇਗੀ। ਸੀਜ਼ਨ ਦੇ ਹਿਸਾਬ ਨਾਲ ਅਤੇ ਮੰਗ ਦੇ ਹਿਸਾਬ ਨਾਲ ਪੂਰਤੀ ਬਾਰੇ ਕੋਈ ਵੀ ਮਦ ਬਿਜਲੀ ਖਰੀਦ ਸਮਝੌਤਿਆਂ ’ਚ ਨਹੀਂ ਹੈ।
ਪਾਵਰਕੌਮ ਨੂੰ ਸਰਕਾਰ ਤੋਂ ਮਿਲੇ 309 ਕਰੋੜ ਰੁਪਏ ’ਤੇ ਉਂਗਲ ਉੱਠੀ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪਾਵਰਕੌਮ ਵੱਲੋਂ ਪੰਜਾਬ ਸਰਕਾਰ ਤੋਂ 309 ਕਰੋੜ ਰੁਪਏ ਵਾਧੂ ਰਕਮ ਮਿਲਣ ਤੇ ਸਰਕਾਰ ਵੱਲ ਹਾਲੇ ਵੀ ਕਰੋੜਾਂ ਦੀ ਸਬਸਿਡੀ ਬਕਾਇਆ ਖੜ੍ਹੀ ਹੋਣ ਦਾ ਦਾਅਵਾ ਸਵਾਲਾਂ ਦੇ ਘੇਰੇ ’ਚ ਹੈ। ਇਸ ਦਾਅਵੇ ’ਤੇ ਅਦਾਰੇ ਦੇ ਸੀਐੱਮਡੀ ਤੇ ਡਾਇਰੈਕਟਰ ਫਾਇਨਾਂਸ ਦਰਮਿਆਨ ਵੀ ਅਸਹਿਮਤੀ ਨਜ਼ਰ ਆਈ ਹੈ। ਪਾਵਰਕੌਮ ਵੱਲੋਂ ਵਾਧੂ ਪੈਸੇ ਸਬੰਧੀ ਜਾਰੀ ਬਿਆਨ ’ਤੇ ਚਿੰਤਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਵੱਲ ਪਾਵਰਕੌਮ ਦੀ ਹਾਲੇ 2028.74 ਕਰੋੜ ਦੀ ਸਬਸਿਡੀ ਬਕਾਇਆ ਖੜ੍ਹੀ ਹੈ ਤਾਂ 309 ਕਰੋੜ ਰੁਪਏ ਵਾਧੂ ਰਕਮ ਵਜੋਂ ਕਿਵੇਂ ਮੰਨੇ ਜਾ ਸਕਦੇ ਹਨ। ਇਸ ਸਬੰਧੀ ਪਾਵਰਕੌਮ ਦੇ ਡਾਇਰੈਕਟਰ ਫਾਇਨਾਂਸ ਇੰਜਨੀਅਰ ਜਤਿੰਦਰ ਗੋਇਲ ਨੇ ਮੰਨਿਆ ਕਿ ਇਹ 309 ਕਰੋੜ ਦੀ ਰਕਮ ਸਬਸਿਡੀ ਦੀ ਦੇਣਦਾਰੀ ਵਿੱਚੋਂ ਹੋ ਸਕਦੀ ਹੈ।