ਚਰਨਜੀਤ ਭੁੱਲਰ
ਚੰਡੀਗੜ੍ਹ, 3 ਅਕਤੂਬਰ
ਗੁਜਰਾਤ ਦੇ ਟਾਟਾ ਮੁੰਦਰਾ ਪਲਾਂਟ ਨੇ ਪੰਜਾਬ ਨੂੰ ਬਿਜਲੀ ਦੇਣੀ ਬੰਦ ਕਰ ਦਿੱਤੀ ਹੈ। ਕੁਝ ਅਰਸੇ ਤੋਂ ਇਹ ਪਲਾਂਟ ਪਾਵਰਕੌਮ ਨੂੰ ਘੱਟ ਮਾਤਰਾ ’ਚ ਬਿਜਲੀ ਸਪਲਾਈ ਦੇ ਰਿਹਾ ਸੀ। ਪਾਵਰਕੌਮ ਨੂੰ ਟਾਟਾ ਮੁੰਦਰਾ ਪਲਾਂਟ ਤੋਂ ਕਰੀਬ 2.90 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਦੀ ਸੀ ਜੋ ਕਾਫ਼ੀ ਸਸਤੀ ਪੈਂਦੀ ਸੀ। ਪਾਵਰਕੌਮ ਦਾ ਟਾਟਾ ਮੁੰਦਰਾ ਪਲਾਂਟ ਨਾਲ 475 ਮੈਗਾਵਾਟ ਦਾ ਬਿਜਲੀ ਸਮਝੌਤਾ ਹੈ।
ਪੰਜਾਬ ਵਿੱਚ ਨਿੱਜੀ ਤਾਪ ਬਿਜਲੀ ਘਰਾਂ ਨਾਲ ਮਹਿੰਗੇ ਬਿਜਲੀ ਸਮਝੌਤੇ ਹੋਣ ਦਾ ਰੌਲਾ ਪੈ ਰਿਹਾ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਬਿਜਲੀ ਸਮਝੌਤੇ ਤੋੜਨ ਦੀ ਗੱਲ ਕਹੀ ਜਾ ਰਹੀ ਹੈ। ਉੱਧਰ, ਗੁਜਰਾਤ ਦੀ ਟਾਟਾ ਮੁੰਦਰਾ ਨੇ ਖ਼ੁਦ ਹੀ ਪੰਜਾਬ ਨੂੰ ਬਿਜਲੀ ਦੇਣ ਦੀ ਕੀਤੇ ਸਮਝੌਤੇ ਨੂੰ ਇੱਕ ਤਰੀਕੇ ਨਾਲ ਤੋੜ ਦਿੱਤਾ ਹੈ। ਪਾਵਰਕੌਮ ਵੱਲੋਂ ਬਾਹਰੋਂ ਛੇ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖ਼ਰੀਦੀ ਜਾ ਰਹੀ ਹੈ, ਜਿਸ ਕਰਕੇ ਇਸ ਪਲਾਂਟ ਤੋਂ ਬਿਜਲੀ ਸਪਲਾਈ ਬੰਦ ਹੋਣ ਕਰਕੇ ਕਰੋੜਾਂ ਰੁਪਏ ਦੀ ਵਿੱਤੀ ਸੱਟ ਵੱਜੀ ਹੈ।
ਗੁਜਰਾਤ ਵਿਚ ਅਡਾਨੀ ਤੇ ਟਾਟਾ ਦੇ ਬਿਜਲੀ ਪਲਾਂਟ ਹਨ। ਕੁਝ ਅਰਸਾ ਪਹਿਲਾਂ ਟਾਟਾ ਮੁੰਦਰਾ ਪਲਾਂਟ ਨੇ ਇਹ ਰੌਲਾ ਪਾ ਲਿਆ ਸੀ ਕਿ ਇੰਡੋਨੇਸ਼ੀਆ ਵਿਚ ਕੋਲਾ ਮਹਿੰਗਾ ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਬਿਜਲੀ ਉਤਪਾਦਨ ਮਹਿੰਗਾ ਪੈਂਦਾ ਹੈ। ਟਾਟਾ ਮੁੰਦਰਾ ਪਲਾਂਟ ਇਸੇ ਤਰਕ ਦੇ ਆਧਾਰ ’ਤੇ ਪੰਜਾਬ ਸਮੇਤ ਬਾਕੀ ਸੂਬਿਆਂ ਨੂੰ ਕੀਤੇ ਸਮਝੌਤੇ ਤੋਂ ਜ਼ਿਆਦਾ ਕੀਮਤ ’ਤੇ ਬਿਜਲੀ ਵੇਚਣਾ ਚਾਹੁੰਦਾ ਸੀ। ਪਾਵਰਕੌਮ ਨੇ ਇਸ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਸੀ। ਵੇਰਵਿਆਂ ਅਨੁਸਾਰ ਉਦੋਂ ਕੇਂਦਰ ਸਰਕਾਰ ਦੇ ਦਬਾਅ ਮਗਰੋਂ ਗੁਜਰਾਤ ਨੇ ਇੱਕ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਸੀ, ਜਿਸ ’ਤੇ ਟਾਟਾ ਤੇ ਅਡਾਨੀ ਦੇ ਪਲਾਂਟਾਂ ਦੇ ਬਿਜਲੀ ਦਰ ਵਧਾ ਦਿੱਤੀ ਗਈ ਸੀ।
ਇਨ੍ਹਾਂ ਪਲਾਂਟਾਂ ਤੋਂ ਸਪਲਾਈ ਲੈਣ ਵਾਲੇ ਸੂਬੇ ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ਨੇ ਮਹਿੰਗੀ ਬਿਜਲੀ ਲੈਣ ਲਈ ਸਹਿਮਤੀ ਨਾ ਦਿੱਤੀ ਅਤੇ ਗੁਜਰਾਤ ਨੇ ਇਸ ਲਈ ਹਾਮੀ ਭਰ ਦਿੱਤੀ ਸੀ। ਕੁੱਝ ਸਮੇਂ ਮਗਰੋਂ ਗੁਜਰਾਤ ਨੇ ਵੀ ਹੱਥ ਪਿਛਾਂਹ ਖਿੱਚ ਲਏ ਸਨ। ਪਤਾ ਲੱਗਾ ਹੈ ਕਿ ਹੁਣ ਟਾਟਾ ਮੁੰਦਰਾ ਆਪਣੀ ਬਿਜਲੀ ਸਪਲਾਈ ਕੌਮੀ ਐਕਸਚੇਂਜ ਵਿੱਚ ਮਹਿੰਗੇ ਭਾਅ ’ਤੇ ਵੇਚਣ ਦਾ ਇੱਛੁਕ ਹੈ, ਜਿੱਥੋਂ ਬਾਕੀ ਸੂਬਿਆਂ ਨੂੰ ਮਹਿੰਗੇ ਭਾਅ ’ਤੇ ਬਿਜਲੀ ਲੈਣੀ ਪਵੇਗੀ। ਇਹ ਸਕੀਮ ਨੇਪਰੇ ਚੜ੍ਹਨ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ੰਜਾਬ ਵਿਚ ਭਾਵੇਂ ਹੁਣ ਬਿਜਲੀ ਦੀ ਮੰਗ ਘਟੀ ਹੈ ਪਰ ਫਿਰ ਵੀ ਐਕਸਚੇਂਜ ’ਚੋਂ ਪੰਜਾਬ ਮਹਿੰਗੀ ਬਿਜਲੀ ਖ਼ਰੀਦਣ ਲਈ ਮਜਬੂਰ ਹੈ। ਪੰਜਾਬ ਦੇ ਤਾਪ ਬਿਜਲੀ ਘਰਾਂ ਵਿਚ ਵੀ ਕੋਲੇ ਦਾ ਭੰਡਾਰ ਭੁੰਜੇ ਲੱਗ ਗਿਆ ਹੈ। ਐਤਕੀਂ ਪਬਲਿਕ ਸੈਕਟਰ ਦੇ ਤਾਪ ਬਿਜਲੀ ਘਰਾਂ ਨੇ ਪੰਜਾਬ ਦੀ ਲਾਜ ਰੱਖੀ ਹੈ। ਇਸ ਵੇਲੇ ਵੀ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਤਿੰਨ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਚੱਲ ਰਹੇ ਹਨ। ਹੁਣ ਇਨ੍ਹਾਂ ਦੋਵੇਂ ਤਾਪ ਬਿਜਲੀ ਘਰਾਂ ਵਿਚ ਦੋ-ਤਿੰਨ ਦਿਨਾਂ ਤੋਂ ਕੋਲੇ ਦੀ ਸਪਲਾਈ ਬੰਦ ਹੈ।
ਲਹਿਰਾ ਮੁਹੱਬਤ ਤਾਪ ਬਿਜਲੀ ਘਰ ਵਿੱਚ ਨੌਂ ਦਿਨਾਂ ਦਾ ਅਤੇ ਰੋਪੜ ਥਰਮਲ ਪਲਾਂਟ ਵਿੱਚ ਛੇ ਦਿਨਾਂ ਦਾ ਕੋਲੇ ਦਾ ਭੰਡਾਰ ਬਚਿਆ ਹੈ। ਪੰਜਾਬ ਦੇ ਨਿੱਜੀ ਥਰਮਲਾਂ ਵਿਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਸਿਰਫ਼ ਦੋ ਦਿਨ ਦਾ ਕੋਲਾ ਰਹਿ ਗਿਆ ਹੈ ਜਦੋਂ ਕਿ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਇੱਕ ਦਿਨ ਦਾ ਕੋਲਾ ਭੰਡਾਰ ਰਹਿ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਥਰਮਲ ਪਲਾਂਟ ਕੋਲ ਤਿੰਨ ਦਿਨਾਂ ਦਾ ਕੋਲਾ ਬਚਿਆ ਹੈ। ਨਿੱਜੀ ਥਰਮਲਾਂ ਵਿਚ ਕੋਲਾ ਆ ਰਿਹਾ ਹੈ। ਪਤਾ ਲੱਗਾ ਹੈ ਕਿ ਇਹ ਥਰਮਲ ਅੱਧੀ ਸਮਰੱਥਾ ’ਤੇ ਚੱਲ ਰਹੇ ਹਨ।
ਵੇਰਵਿਆਂ ਅਨੁਸਾਰ ਪਾਵਰਕੌਮ ਐਤਕੀਂ ਐਕਸਚੇਂਜ ’ਚੋਂ 1300 ਮੈਗਾਵਾਟ ਬਿਜਲੀ ਮਹਿੰਗੇ ਭਾਅ ’ਤੇ ਖ਼ਰੀਦ ਰਿਹਾ ਹੈ। ਪੰਜਾਬ ਵਿੱਚ ਇਸ ਵੇਲੇ ਕਰੀਬ ਅੱਠ ਹਜ਼ਾਰ ਮੈਗਾਵਾਟ ਦੀ ਬਿਜਲੀ ਸਪਲਾਈ ਦੀ ਮੰਗ ਹੈ। ਸੂਤਰ ਆਖਦੇ ਹਨ ਕਿ ਟਾਟਾ ਮੁੰਦਰਾ ਪਲਾਂਟ ਤੋਂ ਪੂਰਤੀ ਹੁੰਦੀ ਤਾਂ ਪਾਵਰਕੌਮ ਦਾ ਕਾਫ਼ੀ ਪੈਸਾ ਬਚ ਜਾਣਾ ਸੀ।
ਪਾਵਰਕੌਮ ਨੇ ਟਾਟਾ ਮੁੰਦਰਾ ਨੂੰ ਪੱਤਰ ਲਿਖਿਆ
ਪਾਵਰਕੌਮ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਟਾਟਾ ਮੁੰਦਰਾ ਪਲਾਂਟ ਨੂੰ ਬਿਜਲੀ ਮਿਲਣੀ ਬੰਦ ਹੋ ਗਈ ਹੈ, ਜਿਸ ਕਰਕੇ ਉਹ ਪਲਾਂਟ ਨੂੰ ਜੁਰਮਾਨਾ ਲਾ ਰਹੇ ਹਨ ਅਤੇ ਪਲਾਂਟ ਨੂੰ ਫਿਕਸ ਚਾਰਜਿਜ਼ ਵੀ ਨਹੀਂ ਦਿੱਤੇ ਜਾਣਗੇ। ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਪਰਮਜੀਤ ਸਿੰਘ ਨੇ ਕਿਹਾ ਕਿ ਟਾਟਾ ਮੁੰਦਰਾ ਪਲਾਂਟ ਕਰੀਬ ਦੋ ਤਿੰੰਨ ਮਹੀਨੇ ਤੋਂ ਬੰਦ ਪਿਆ ਹੈ ਅਤੇ ਬਿਜਲੀ ਸਪਲਾਈ ਨਹੀਂ ਦੇ ਰਿਹਾ। ਪਾਵਰਕੌਮ ਵੱਲੋਂ ਇਸ ਪਲਾਂਟ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਐਕਸਚੇਂਜ ’ਚੋਂ ਲੋੜ ਮੁਤਾਬਕ ਬਿਜਲੀ ਸਪਲਾਈ ਲਈ ਜਾ ਰਹੀ ਹੈ।