ਡੀਪੀਐੱਸ ਬੱਤਰਾ
ਸਮਰਾਲਾ, 23 ਜੂਨ
ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਅੱਜ ਗੁੱਸੇ ਵਿੱਚ ਆਏ ਸੈਂਕੜੇ ਕਿਸਾਨਾਂ ਨੇ ਪਾਵਰਕਾਮ ਦੇ ਘੁਲਾਲ ਬਿਜਲੀ ਗੱਰਿਡ ਨੂੰ ਘੇਰ ਲਿਆ ਹੈ। ਉੱਥੇ ਭਾਰੀ ਰੋਸ ਪ੍ਰਦਸ਼ਨ ਕਰ ਰਹੇ ਕਿਸਾਨਾਂ ਵੱਲੋਂ ਗੱਰਿਡ ਦੇ ਅੰਦਰ ਹਾਜ਼ਰ ਅਧਿਕਾਰੀਆਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਅਤੇ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦਰਜ਼ਨਾਂ ਹੋਰ ਪਿੰਡਾਂ ਦੇ ਇੱਕਠੇ ਹੋਏ ਕਿਸਾਨਾਂ ਨੇ 10 ਘੰਟੇ ਬਿਜਲੀ ਦੀ ਮੰਗ ਨੂੰ ਲੈ ਕੇ ਇਲਾਕੇ ’ਚ ਕਈ ਥਾਵਾਂ ’ਤੇ ਸੜਕਾਂ ਪੂਰੀ ਤਰ੍ਹਾਂ ਜਾਮ ਕਰਦੇ ਹੋਏ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ਼ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਵੱਡੀ ਗਿਣਤੀ ’ਚ ਕਿਸਾਨ ਬੀਜਾ ਰੋਡ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਉੱਤੇ ਅੱਜ ਸਵੇਰ ਤੋਂ ਹੀ ਪੱਕਾ ਧਰਨਾ ਮਾਰ ਕੇ ਬੈਠ ਗਏ ਹਨ। ਕਿਸਾਨਾਂ ਦੇ ਇੱਕ ਗੁੱਟ ਵੱਲੋਂ ਸਮਰਾਲਾ ਰੇਲਵੇ ਸਟੇਸ਼ਨ ਨੂੰ ਜਾਂਦੇ ਰਾਹ ਨੂੰ ਵੀ ਜਾਮ ਕਰ ਦਿੱਤਾ ਗਿਆ ਹੈ ਅਤੇ ਇਹ ਸਾਰੇ ਕਿਸਾਨ ਖੇਤਾਂ ਲਈ ਨਿਰਵਿਘਨ 10 ਘੰਟੇ ਬਿਜਲੀ ਸਪਲਾਈ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਬੀਜਾ ਰੋਡ ’ਤੇ 20 ਤੋਂ ਵੱਧ ਪਿੰਡਾਂ ਦੇ ਕਿਸਾਨਾਂ ਵੱਲੋਂ ਸਵੇਰੇ ਵੇਲੇ ਬੀਜਾ-ਚਾਵਾ ਸੜਕ ’ਤੇ ਬੈਠੇ ਕਿਸਾਨਾਂ ਵਿੱਚ ਸ਼ਾਮਲ ਕੇਸਰ ਸਿੰਘ ਨਾਗਰਾ, ਮਨਜੀਤ ਸਿੰਘ, ਸੰਦੀਪ ਸਿੰਘ, ਗੁਰਜਿੰਦਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਢੀਡਸਾ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਕਿਸਾਨ ਜ਼ਰੂਰਤ ਮੁਤਾਬਕ ਪੂਰੀ ਬਿਜਲੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਅਤੇ ਝੋਨੇ ਦੀ ਬਿਜਾਈ ਪੂਰੇ ਇਲਾਕੇ ਵਿੱਚ ਪ੍ਰਭਾਵਿਤ ਹੋ ਰਹੀ ਹੈ।