ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੁਲਾਈ
ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਹੁਣ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬਣਾਂਵਾਲਾ ਤਾਪ ਘਰ ਦਾ ਦੂਸਰਾ ਯੂਨਿਟ ਬੀਤੀ ਅੱਧੀ ਰਾਤ ਨੂੰ ਟਰਿੱਪ ਕਰ ਗਿਆ ਹੈ। ਇਸ ਤੋਂ ਪਹਿਲਾਂ ਇਸ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਕੋਈ ਵੱਡਾ ਨੁਕਸ ਪੈਣ ਕਾਰਨ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਤੋਂ ਹੀ ਬੰਦ ਹੈ। ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵਲੋਂ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿਖੇ ਲਾਇਆ ਉਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਤਾਪਘਰ ਹੈ, ਜਿਸ ਦੇ ਤਿੰਨੇ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੀ ਹੈ ਅਤੇ ਇਸ ਦੇ 680 ਮੈਗਾਵਾਟ ਦੇ ਤਿੰਨ ਯੂਨਿਟ ਹਨ।
ਇਸ ਵੇਲੇ ਇਹ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ( ਟੀਐੱਸਪੀਐੱਲ) ਉੱਤਰੀ ਗਰਿੱਡ ਨੂੰ ਸਭ ਤੋਂ ਜ਼ਿਆਦਾ 1178 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਸੀ। ਇਸ ਤਾਪ ਘਰ ਦਾ ਯੂਨਿਟ ਨੰਬਰ-1 ਅੱਧੀ ਰਾਤ ਨੂੰ ਅਚਾਨਕ ਟਰਿੱਪ ਕਰ ਗਿਆ, ਜਿਸ ਦੀ ਜਾਣਕਾਰੀ ਜਿਉਂ ਹੀ ਉਚ ਪ੍ਰਬੰਧਕਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਦੀ ਦਰੁਸਤੀ ਲਈ ਤੁਰੰਤ ਉਪਰਾਲੇ ਆਰੰਭ ਕਰ ਦਿੱਤੇ ਹਨ। ਤਾਪ ਘਰ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਨੰਬਰ ਯੂਨਿਟ ਦੀ ਟਿਊਬ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਹੈ, ਜਿਸ ਦੇ ਪਾਣੀ ਨੂੰ ਠੰਢਾ ਕੀਤਾ ਜਾ ਰਿਹਾ ਹੈ, ਅਤੇ ਜਿਉਂ ਇਹ ਠੰਢਾ ਹੁੰਦਾ ਹੈ ਤਾਂ ਨੁਕਸਾਨੀ ਟਿਊਬ ਨੂੰ ਠੀਕ ਕਰਕੇ ਮੁੜ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਛੇਤੀ ਹੀ ਠੀਕ ਹੋ ਕੇ ਬਿਜਲੀ ਉਤਪਾਦਨ ਪੈਦਾ ਕਰਨ ਦੀ ਵੱਡੀ ਉਮੀਦ ਹੈ।
ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਤੀਸਰੇ ਯੂਨਿਟ ਨੂੰ ਠੀਕ ਕਰਨ ਲਈ ਗੁਜਰਾਤ ਭੇਜਿਆ ਗਿਆ ਹੈ, ਜਿਸ ਦੇ ਇੱਕ ਹਫ਼ਤੇ ਤੱਕ ਚਾਲੂ ਹਾਲਤ ਵਿੱਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।