ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਕਤੂਬਰ
ਕੋਲੇ ਦੀ ਸਪਲਾਈ ਲਗਾਤਾਰ ਬਾਹਰੋਂ ਆਉਣ ਦੇ ਬਾਵਜੂਦ ਰਾਜ ਵਿੱਚ ਬਿਜਲੀ ਦਾ ਸੰਕਟ ਜਿਉਂ ਦਾ ਤਿਉਂ ਹੈ। ਬੇਸ਼ੱਕ ਬੀਤੇ ਦਿਨ ਸੂਬੇ ਵਿਚਲੇ ਤਾਪ ਘਰਾਂ ਵੱਲੋਂ ਬਿਜਲੀ ਪੈਦਾਵਾਰ ਵਿੱਚ ਕੁਝ ਸੁਧਾਰ ਲਿਆਂਦਾ ਗਿਆ ਸੀ ਪਰ ਅੱਜ ਬਣਾਂਵਾਲਾ ਤਾਪ ਘਰ ਦੇ ਦੋ ਅਤੇ ਲਹਿਰਾ ਮੁਹੱਬਤ ਦੇ ਦੋ ਯੂਨਿਟਾਂ ਸਮੇਤ ਕੁੱਲ 5 ਯੂਨਿਟ ਬੰਦ ਹੋ ਗਏ ਹਨ। ਭਾਵੇਂ ਠੰਢ ਹੋਣ ਕਾਰਨ ਬਿਜਲੀ ਦੀ ਖਪਤ ਘਟੀ ਹੈ ਪਰ ਅਜੇ ਵੀ ਰਾਜ ਵਿੱਚ ਬਿਜਲੀ ਦੀ ਥੁੜ੍ਹ ਕਾਰਨ ਪੇਂਡੂ ਤੇ ਸ਼ਹਿਰੀ ਖੇਤਰ ਵਿੱਚ ਕੱਟ ਲੱਗਣੇ ਜਾਰੀ ਹਨ।
ਪ੍ਰਾਪਤ ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਲੱਗੇ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਇਕ ਯੂਨਿਟ ਹੋਰ ਬੰਦ ਹੋ ਗਿਆ ਹੈ, ਜਦਕਿ ਇਸ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ। ਇਸ ਤਾਪ ਘਰ ਨੇ ਭਾਵੇਂ ਬੀਤੇ ਦਿਨ 958 ਮੈਗਾਵਾਟ ਬਿਜਲੀ ਉੱਤਰੀ ਗਰਿੱਡ ਨੂੰ ਦਿੱਤੀ ਸੀ ਪਰ ਅੱਜ ਇੱਕ ਯੂਨਿਟ ਹੋਰ ਬੰਦ ਹੋਣ ਕਾਰਨ ਯੂਨਿਟ ਨੰਬਰ-3 ਵੱਲੋਂ 624 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਲਾ ਅਜੇ ਪਿਆ ਹੈ ਪਰ ਪੀਐੱਸਪੀਸੀਐੱਲ ਵੱਲੋਂ ਜਿੰਨੀ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ, ਓਨੀ ਉਹ ਪੈਦਾਵਾਰ ਕਰਕੇ ਸਪਲਾਈ ਕਰ ਰਹੇ ਹਨ। ਇਸੇ ਦੌਰਾਨ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਹਿਰਾ ਮੁਹੱਬਤ ਦੇ ਜੀਐੱਚਟੀਪੀ ਤਾਪ ਘਰ ਵੱਲੋਂ ਯੂਨਿਟ ਨੰਬਰ-1 174 ਅਤੇ ਯੂਨਿਟ-4 ਵੱਲੋਂ 231 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਹ ਤਾਪ ਘਰ ਕੁੱਲ 405 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ, ਜਦਕਿ ਇਸ ਦਾ ਯੂਨਿਟ ਨੰਬਰ 2 ਅਤੇ 3 ਬਿਲਕੁਲ ਬੰਦ ਹੈ। ਇਸੇ ਤਰ੍ਹਾਂ ਰੋਪੜ ਦੇ ਜੀਜੀਐੱਸਐੱਸਟੀਪੀ ਤਾਪ ਘਰ ਦਾ ਇੱਕ ਯੂਨਿਟ ਬੰਦ ਹੈ, ਜਦਕਿ 2,3,4 ਨੰਬਰ ਯੂਨਿਟਾਂ ਵੱਲੋਂ 506 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਰਾਜਪੁਰਾ ਦੇ ਐੱਲ ਐਂਡ ਟੀ ਤਾਪ ਘਰ ਵੱਲੋਂ 1328 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਹੈ, ਜਦਕਿ ਜੀਵੀਕੇ ਗੋਬਿੰਦਵਾਲ ਤਾਪ ਘਰ ਦੇ ਦੋਵੇਂ ਯੂਨਿਟ 374 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਨੋ-ਡਿਮਾਂਡ ਤਹਿਤ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਬੰਦ
ਭੁੱਚੋ ਮੰਡੀ (ਪਵਨ ਗੋਇਲ): ਬਿਜਲੀ ਦੀ ਘਾਟ ਕਾਰਨ ਲੱਗ ਰਹੇ ਲੰਮੇ ਕੱਟਾਂ ਦੇ ਬਾਵਜੂਦ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦਾ ਯੂਨਿਟ ਨੰਬਰ 3 ਨੋ-ਡਿਮਾਂਡ ਤਹਿਤ ਬੰਦ ਕਰ ਦਿੱਤਾ ਗਿਆ ਹੈ, ਜਦਕਿ ਇਸ ਦਾ ਯੂਨਿਟ ਨੰਬਰ 2 ਪਹਿਲਾਂ ਹੀ ਬੰਦ ਹੈ। ਸੂਤਰਾਂ ਅਨੁਸਾਰ ਥਰਮਲ ਵਿੱਚ ਸਿਰਫ਼ ਡੇਢ ਦਿਨ ਦਾ ਕੋਲਾ ਬਾਕੀ ਬਚਿਆ ਹੈ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਦਵਿੰਦਰ ਪਾਲ ਗਰਗ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਹਫ਼ਤੇ ਲਈ 500 ਮੈਗਾਵਾਟ ਬਿਜਲੀ ਦਾ ਪ੍ਰਬੰਧ ਕਰ ਲਿਆ ਗਿਆ ਹੈ, ਜਿਸ ਕਾਰਨ ਯੂਨਿਟ ਨੰਬਰ 3 ਬੰਦ ਕਰ ਦਿੱਤਾ ਗਿਆ ਹੈ। ਡੇਢ ਦਿਨ ਦੇ ਬਚੇ ਕੋਲੇ ਬਾਰੇ ਉਨ੍ਹਾਂ ਕਿਹਾ ਕਿ ਦੋ ਯੂਨਿਟ ਬੰਦ ਹੋਣ ਕਾਰਨ ਇਹ ਕੋਲਾ ਤਿੰਨ ਦਿਨ ਚੱਲੇਗਾ ਅਤੇ ਕੋਲੇ ਦੀ ਘਾਟ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮਹੱਬਤ ਦੇ ਪ੍ਰਧਾਨ ਅਤੇ ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾਈ ਆਗੂ ਬਲਜੀਤ ਸਿੰਘ ਬਰਾੜ ਬੋਦੀ ਵਾਲਾ ਨੇ ਕਿਹਾ ਕਿ ਕੋਲਾ ਸੰਕਟ ਕਾਰਨ ਪਾਵਰਕੌਮ ਵੱਲੋਂ ਇੱਕ ਪਾਸੇ ਪੰਜਾਬ ਵਿੱਚ ਲੰਮੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਦੂਜੇ ਪਾਸੇ ਪ੍ਰਬੰਧਕਾਂ ਵੱਲੋਂ ਨੋ-ਡਿਮਾਂਡ ਤਹਿਤ ਥਰਮਲ ਦਾ ਇੱਕ ਹੋਰ ਯੂਨਿਟ ਨੰਬਰ 3 ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਕਾਰਨ ਪੰਜਾਬ ਵਿੱਚ ਕੋਲਾ ਸੰਕਟ ਪੈਦਾ ਹੋਇਆ ਹੈ ਅਤੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਕਿਸਾਨਾਂ ਸਮੇਤ ਕਾਰੋਬਾਰੀ ਵਰਗ ਪ੍ਰਭਾਵਿਤ ਹੋ ਰਿਹਾ ਹੈ।