ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਈ
ਗੰਭੀਰ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਤਾਪਘਰਾਂ ਦੀ ਹਾਲਤ ਅੱਜ ਹੋਰ ਮਾੜੀ ਹੋ ਗਈ ਹੈ। ਰਾਜ ਵਿੱਚ ਦੋ ਸਰਕਾਰੀ ਤਾਪਘਰਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਸਿਰਫ਼ 595 ਮੈਗਾਵਾਟ ਬਿਜਲੀ ਹੀ ਸ਼ਾਮ ਵੇਲੇ ਪੈਦਾ ਕੀਤੀ ਗਈ ਜਦੋਂਕਿ ਇਨ੍ਹਾਂ ਤਾਪਘਰਾਂ ਦੀ ਸਮਰੱਥਾ 1760 ਮੈਗਾਵਾਟ ਹੈ। ਉਧਰ, ਸੂਬੇ ਦੇ ਤਿੰਨ ਪ੍ਰਾਈਵੇਟ ਤਾਪਘਰਾਂ ਨੇ ਅੱਜ ਕੱਲ੍ਹ ਨਾਲੋਂ ਜ਼ਿਆਦਾ ਬਿਜਲੀ ਪੈਦਾ ਕੀਤੀ। ਪ੍ਰਾਈਵੇਟ ਤਾਪਘਰਾਂ ਵੱਲੋਂ ਕੁੱਲ 3121 ਮੈਗਾਵਾਟ ਦਾ ਉਤਪਾਦਨ ਕੀਤਾ ਗਿਆ, ਇਨ੍ਹਾਂ ਦੀ ਕੁੱਲ ਸਮਰੱਥਾ 3920 ਮੈਗਾਵਾਟ ਹੈ। ਪ੍ਰਾਈਵੇਟ ਤਾਪਘਰਾਂ ’ਚੋਂ ਸਿਰਫ਼ ਜੀਵੀਕੇ ਗੋਵਿੰਦਵਾਲ ਦਾ ਇੱਕ ਯੂਨਿਟ ਬੰਦ ਹੈ, ਬਾਕੀ ਤਲਵੰਡੀ ਸਾਬੋ ਅਤੇ ਰਾਜਪੁਰਾ ਤਾਪਘਰ ਦੇ ਪੰਜੇ ਯੂਨਿਟ ਭਖੇ ਹੋਏ ਹਨ।
ਜਾਣਕਾਰੀ ਮੁਤਾਬਕ ਪਿੰਡ ਬਣਾਂਵਾਲਾ ਦੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਡ (ਟੀਐਸਪੀਐਲ) ਦੇ ਪਹਿਲੇ ਯੂਨਿਟ ਵੱਲੋਂ 1560 ਮੈਗਾਵਾਟ ਬਿਜਲੀ ਦੀ ਪੈਦਾਵਾਰ ਕੀਤੀ ਗਈ। ਇਸ ਤਾਪਘਰ ਵੱਲੋਂ ਬੀਤੀ ਸ਼ਾਮ 1318 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ। ਇਸੇ ਤਰ੍ਹਾਂ ਤਾਪਘਰ ਐਲਐਂਡਟੀ ਰਾਜਪੁਰਾ ਨੇ ਕੱਲ੍ਹ 1320 ਮੈਗਾਵਾਟ ਬਿਜਲੀ ਪੈਦਾ ਕੀਤੀ ਸੀ ਅਤੇ ਅੱਜ 1339 ਮੈਗਾਵਾਟ ਦੀ ਪੈਦਾਵਾਰ ਕੀਤੀ ਹੈ। ਇਸੇ ਦੌਰਾਨ ਜੀਵੀਕੇ ਗੋਇੰਦਵਾਲ ਦਾ ਭਾਵੇਂ ਲੰਬੇ ਸਮੇਂ ਤੋਂ ਬੰਦ ਪਿਆ ਇੱਕ ਯੂਨਿਟ ਅੱਜ ਵੀ ਚਾਲੂ ਨਹੀਂ ਹੋ ਸਕਿਆ। ਇਸ ਦੇ ਚੱਲ ਰਹੇ ਇੱਕੋ-ਇੱਕ ਯੂਨਿਟ ਵੱਲੋਂ ਕੱਲ੍ਹ 150 ਮੈਗਾਵਾਟ ਅਤੇ ਅੱਜ 222 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਉਧਰ, ਸਰਕਾਰੀ ਤਾਪਘਰਾਂ ਲਹਿਰਾ ਮੁਹੱਬਤ ਵੱਲੋਂ ਅੱਜ 920 ਮੈਗਾਵਾਟ ਵਿੱਚੋਂ ਸਿਰਫ਼ 212 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦੇ ਯੂਨਿਟ ਨੰਬਰ-1, 2 ਤੇ 3 ਬੰਦ ਹਨ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤਾਪਘਰ ਦੇ ਦੋ ਯੂਨਿਟ ਹੀ ਕੰਮ ਕਰ ਰਹੇ ਹਨ। ਇਸ ਵੱਲੋਂ ਸਿਰਫ਼ 383 ਮੈਗਾਵਾਟ ਬਿਜਲੀ ਹੀ ਸ਼ਾਮ ਵੇਲੇ ਪੈਦਾ ਕੀਤੀ ਗਈ ਅਤੇ ਇਸ ਦੇ ਦੋ ਯੂਨਿਟ ਬੰਦ ਹੋਏ ਪਏ ਹਨ, ਜਦੋਂ ਕਿ ਦੋ ਹੋਰ ਯੂਨਿਟ ਪੱਕੇ ਤੌਰ ’ਤੇ ਹੀ ਕੰਮ ਨਹੀਂ ਕਰ ਰਹੇ ਹਨ। ਇਸ ਤਾਪਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ।
ਗੁਰੂ ਗੋਬਿੰਦ ਸਿੰਘ ਸੁਪਰ ਪਲਾਂਟ ਰੂਪਨਗਰ ਦਾ ਪੰਜ ਨੰਬਰ ਯੂਨਿਟ ਅਜੇ ਵੀ ਠੱਪ
ਘਨੌਲੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸੁਪਰ ਪਲਾਂਟ ਰੂਪਨਗਰ ਦਾ ਬੀਤੀ ਦੇਰ ਸ਼ਾਮ ਬੰਦ ਹੋਇਆ ਪੰਜ ਨੰਬਰ ਯੂਨਿਟ ਅੱਜ ਬਾਅਦ ਦੁਪਹਿਰ ਤੱਕ ਵੀ ਚਾਲੂ ਨਹੀਂ ਹੋ ਸਕਿਆ। ਥਰਮਲ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਮੁਰੰਮਤ ਕਰ ਰਹੀ ਹੈ। ਇਹ ਯੂਨਿਟ ਬੀਤੀ ਸ਼ਾਮ ਬੰਦ ਹੋ ਗਿਆ ਸੀ। ਪ੍ਰਬੰਧਕਾਂ ਵੱਲੋਂ ਇਸ ਯੂਨਿਟ ਬਦਲੇ ਯੂਨਿਟ ਨੰਬਰ ਤਿੰਨ ਚਲਾਉਣ ਦੀ ਤਿਆਰੀ ਕਰ ਲਈ ਗਈ ਸੀ ਪਰ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਪੂਰੀ ਸਮਰੱਥਾ ’ਤੇ ਚੱਲਣ ਕਰ ਕੇ ਤੇ ਬਿਜਲੀ ਦੀ ਮੰਗ ਘੱਟ ਹੋਣ ਕਾਰਨ ਪਾਵਰਕੌਮ ਮੈਨੇਜਮੈਂਟ ਵੱਲੋਂ ਇਸ ਨੂੰ ਚਲਾਉਣ ਲਈ ਹਰੀ ਝੰਡੀ ਨਹੀਂ ਮਿਲੀ।