ਪੱਤਰ ਪ੍ਰੇਰਕ
ਮਾਨਸਾ, 16 ਮਈ
ਪੰਜਾਬ ਵਿੱਚ ਭਾਵੇਂ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐੱਸਪੀਐੱਲ) ਦੇ ਤਿੰਨੋਂ ਯੂਨਿਟ ਚਾਲੂ ਹਾਲਤ ਵਿੱਚ ਹੋ ਗਏ ਹਨ, ਇਸ ਦੇ ਬਾਵਜੂਦ ਅੱਜ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲ ਤਹਿਤ ਲੱਗੇ ਸਭ ਤੋਂ ਵੱਡੇ ਤਾਪਘਰ ਨੇ ਆਪਣੀ ਸਮਰੱਥਾ ਤੋਂ ਅੱਧੀ ਬਿਜਲੀ ਪੈਦਾ ਕੀਤੀ ਹੈ। ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਵੇਦਾਂਤਾ ਕੰਪਨੀ ਦੇ ਇਸ ਤਾਪਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ, ਜਦੋਂਕਿ ਅੱਜ ਸ਼ਾਮ ਨੂੰ ਉਸ ਦੇ ਤਿੰਨੋਂ ਯੂਨਿਟਾਂ ਵੱਲੋਂ 940 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਜਾਣਕਾਰੀ ਮੁਤਾਬਕ ਪੈਦਾਵਾਰ ਘੱਟ ਹੋਣ ਦਾ ਮੁੱਖ ਕਾਰਨ ਤਾਪਘਰ ਕੋਲ ਲੋੜੀਂਦੇ ਕੋਲੇ ਦੀ ਘਾਟ ਹੈ।
ਮਾਲਵਾ ਵਿੱਚ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਅੱਜ ਸਿਰਫ਼ 161 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ, ਜਦੋਂਕਿ ਇਸ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਦੱਸੀ ਜਾਂਦੀ ਹੈ। ਇਸ ਤਾਪਘਰ ਦੇ ਬੀਤੇ ਦਿਨ ਤੋਂ ਤਿੰਨੋਂ ਯੂਨਿਟ ਲਗਾਤਾਰ ਬੰਦ ਹਨ।
ਇਨ੍ਹਾਂ ਤਾਪਘਰਾਂ ਨੂੰ ਚਾਲੂ ਕਰਵਾਉਣ ਲਈ ਪਾਵਰਕੌਮ ਦੇ ਪ੍ਰਬੰਧਕਾਂ ਵੱਲੋਂ ਮਾਹਿਰਾਂ ਨੂੰ ਬੁਲਾ ਕੇ ਨੁਕਸਾਂ ਨੂੰ ਘੋਖਿਆ ਜਾ ਰਿਹਾ ਹੈ। ਦੂਜੇ ਪਾਸੇ, ਸਰਕਾਰੀ ਖੇਤਰ ਹੇਠ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਤਿੰਨ ਯੂਨਿਟਾਂ ਵੱਲੋਂ 463 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ, ਜਦੋਂਕਿ ਇਸ ਦੀ ਕੁੱਲ ਸਮਰੱਥਾ 840 ਮੈਗਾਵਾਟ ਹੈ। ਇਸੇ ਤਰ੍ਹਾਂ ਨਿੱਜੀ ਖੇਤਰ ਦੇ ਗੋਇੰਦਵਾਲ ਵਿੱਚ ਲੱਗੇ 540 ਮੈਗਾਵਾਟ ਵਾਲੇ ਤਾਪਘਰ ਦੇ ਇੱਕ ਯੂਨਿਟ ਵੱਲੋਂ ਸਿਰਫ਼ 150 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਗਈ, ਜਦੋਂਕਿ ਇਸ ਦਾ ਇੱਕ ਯੂਨਿਟ ਲੰਬੇ ਸਮੇਂ ਤੋਂ ਬੰਦ ਹੈ ਅਤੇ ਚੱਲ ਰਿਹਾ ਯੂਨਿਟ ਆਪਣੀ ਸਮਰੱਥਾ ਤੋਂ ਘੱਟ ਪੈਦਾਵਾਰ ਕਰ ਰਿਹਾ ਹੈ। ਇਸ ਤਰ੍ਹਾਂ ਅੱਜ ਐੱਲਐਂਡਟੀ ਰਾਜਪੁਰਾ ਦੇ ਤਾਪਘਰ ਨੇ ਰੋਜ਼ ਨਾਲੋਂ ਘੱਟ ਬਿਜਲੀ ਪੈਦਾ ਕੀਤੀ।
ਇਸ ਤਾਪਘਰ ਵੱਲੋਂ ਅੱਜ 1072 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ, ਜਦੋਂਕਿ ਇਸ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਇਸ ਤਾਪਘਰ ਵੱਲੋਂ ਆਪਣੇ ਰੋਜ਼ ਦੇ ਉਤਪਾਦਨ ਨਾਲੋਂ ਲਗਪਗ 200 ਮੈਗਾਵਾਟ ਬਿਜਲੀ ਘੱਟ ਪੈਦਾ ਕੀਤੀ ਗਈ ਹੈ। ਇਸੇ ਦੌਰਾਨ ਤਾਪਘਰ ਦੇ ਇੱਕ ਅਧਿਕਾਰੀ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੇ ਤਾਪਘਰਾਂ ਵਿੱਚ ਕੋਲੇ ਘਾਟ ਕਾਰਨ ਸਾਰੀ ਪ੍ਰੇਸ਼ਾਨੀ ਆ ਰਹੀ ਹੈ।
ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 66 ਕੇਵੀ ਗਰਿੱਡ ਨੂੰ ਅੱਗ ਲੱਗੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਬੀਤੀ ਰਾਤ ਗੁਰੂ ਹਰਗੋਬਿੰਦ ਸਿੰਘ ਤਾਪਘਰ ਲਹਿਰਾ ਮੁਹੱਬਤ ਦੀ ਪਾਵਰ ਕਲੋਨੀ ਦੇ 66 ਕੇਵੀ ਗਰਿੱਡ ਨੂੰ ਅਚਾਨਕ ਅੱਗ ਲੱਗ ਗਈ। ਇਸ ਨਾਲ ਪਾਵਰ ਕਲੋਨੀ ਵਿੱਚ ਕਰੀਬ 25 ਮਿੰਟ ਹਨੇਰਾ ਛਾਇਆ ਰਿਹਾ। ਅਧਿਕਾਰੀਆਂ ਨੇ ਕਲੋਨੀ ਦੀ ਸਪਲਾਈ ਨੂੰ ਰਾਮਪੁਰਾ ਗਰਿੱਡ ਨਾਲ ਜੋੜ ਕੇ ਕੰਮ ਚਲਾਇਆ। ਥਰਮਲ ਵਿੱਚ ਆਸਪਾਸ ਡਿਊਟੀ ਦੇ ਰਹੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਗਰਿੱਡ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਦੇ ਭਲਕੇ ਸ਼ਾਮ ਤੱਕ ਚੱਲਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਐੱਸਐੱਸਏ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਗਰਿੱਡ ’ਤੇ ਕੋਈ ਮੁਲਾਜ਼ਮ ਡਿਊਟੀ ’ਤੇ ਨਹੀਂ ਹੁੰਦਾ। ਗਰਿੱਡ ਦੇ ਗੇਟ ਨੂੰ ਪਿਛਲੇ ਦੋ ਸਾਲਾਂ ਤੋਂ ਤਾਲਾ ਲੱਗਿਆ ਹੋਇਆ ਹੈ।