ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਪੰਜਾਬ ਵਿੱਚ ਮੌਜੂਦਾ ਦੌਰ ’ਚ ਚੱਲ ਰਹੇ ਬਿਜਲੀ ਸੰਕਟ ਨੂੰ ਹੱਲ ਕਰਵਾਉਣ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਫੈਸਲੇ ਮੁਤਾਬਿਕ 6 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਵਿੱਚ ਰਿਹਾਇਸ਼ ਨਿਊ ਮੋਦੀ ਬਾਗ ਪੈਲੇਸ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਲੰਮੇ ਸਮੇਂ ਤੋਂ ਵਿਤਕਰਾ ਹੁੰਦਾ ਆ ਰਿਹਾ ਹੈ। ਖੇਤੀ ਖੇਤਰ ਨੂੰ ਜਿਥੇ ਸਾਰਾ ਸਾਲ 24 ਘੰਟੇ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ, ਉਥੇ ਝੋਨੇ ਦੇ ਸੀਜ਼ਨ ਵਿੱਚ 8 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕਰਕੇ ਉਹ ਵੀ ਨਹੀਂ ਦਿੱਤੀ ਜਾ ਰਹੀ। ਜਦੋਂ ਕਿ ਇੰਡਸਟਰੀ ਜਿਸ ਦਾ ਕੁੱਲ ਲੋਡ ਖੇਤੀ ਖੇਤਰ ਤੋਂ ਕਈ ਗੁਣਾ ਵੱਧ ਹੈ। ਉੱਥੇ ਸਾਰਾ ਸਾਲ ਪੂਰੀ ਵੋਲਟੇਜ ਨਾਲ 24 ਘੰਟੇ ਸਪਲਾਈ ਦਿੱਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਲੋੜਵੰਦ ਕਿਸਾਨਾਂ ਨੂੰ ਸਰਕਾਰੀ ਖਰਚੇ ’ਤੇ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ। ਜਿਹੜੀਆਂ ਬਹਿਕਾਂ, ਢਾਣੀਆਂ ਤੇ 24 ਘੰਟੇ ਵਾਲੀ ਘਰੇਲੂ ਬਿਜਲੀ ਸਪਲਾਈ ਨਹੀਂ ਪਹੁੰਚੀ, ਤੁਰੰਤ ਦਿੱਤੀ ਜਾਵੇ।
ਝੋਨੇ ਦੀ ਲੁਆਈ ਪੱਛੜੀ: ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਜ਼ਿਆਦਾਤਰ ਖੇਤੀ ਦੀ ਸਿੰਜਾਈ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਨਾਲ ਕੀਤੀ ਜਾਂਦੀ ਹੈ ਪਰ ਇਸ ਵਾਰ ਝੋਨੇ ਦੀ ਲੁਆਈ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਨੂੰ 4-5 ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਝੋਨੇ ਦੀ ਲੁਆਈ ਪੱਛੜ ਤਾਂ ਗਈ ਹੀ ਹੈ, ਪਰ ਬੀਜਿਆ ਝੋਨਾ ਵੀ ਪਾਣੀ ਦੀ ਘਾਟ ਕਾਰਨ ਸੁੱਕ ਰਿਹਾ ਹੈ।