ਮਨੋਜ ਸ਼ਰਮਾ
ਬਠਿੰਡਾ, 1 ਮਈ
ਡੀਏਪੀ ਤੋਂ ਬਾਅਦ ਹੁਣ ਪੋਟਾਸ਼ (ਐੱਮਓਪੀ) ਦੀ ਕੀਮਤ ਵਿੱਚ 1200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ, ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਖਾਦ ਕੰਪਨੀਆਂ ਨੇ ਡੀਏਪੀ ਖਾਦ ਦਾ ਗੱਟਾ (50 ਕਿਲੋ) 1200 ਤੋਂ 1350 ਰੁਪਏ ਅਤੇ ਪੋਟਾਸ਼ ਦਾ ਗੱਟਾ (50 ਕਿਲੋ) 1100 ਤੋਂ ਵਧਾ ਕੇ 1700 ਰੁਪਏ ਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ, ਕੀਟਨਾਸ਼ਕ ਦਵਾਈਆਂ, ਮਜ਼ਦੂਰੀ ਅਤੇ ਖਾਦਾਂ ਆਦਿ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਪਰ ਸਰਕਾਰ ਵੱਲੋਂ ਜਿਣਸਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਇਸ ਨਾਲ ਕਿਸਾਨੀ ਦਾ ਕਿੱਤਾ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਦਾਜ਼ੇ ਅਨੁਸਾਰ ਸਾਲ 2022 ’ਚ ਸਾਉਣੀ ਸੀਜ਼ਨ ਲਈ ਪੂਰੇ ਦੇਸ਼ ਦੇ ਕਿਸਾਨ ਡੀਏਪੀ ਖਾਦ ਦੀ 58.82 ਲੱਖ ਟਨ ਅਤੇ ਪੋਟਾਸ਼ ਦੀ 19.81 ਲੱਖ ਟਨ ਖਪਤ ਕਰਨਗੇ, ਜਦੋਂ ਕਿ ਹਾੜੀ ਸੀਜ਼ਨ ਲਈ ਇਸ ਦੀ ਖਪਤ ਹੋਰ ਵਧ ਜਾਵੇਗੀ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਖਾਦਾਂ ਦੀਆਂ ਵਧ ਰਹੀਆਂ ਅੰਤਰਰਾਸ਼ਟਰੀ ਕੀਮਤਾਂ ਅਤੇ ਵਧ ਰਹੀ ਖੇਤੀ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਖਾਦਾਂ ਦੀ ਸਬਸਿਡੀ ਦਾ ਬਜਟ 3 ਲੱਖ ਕਰੋੜ ਰੁਪਏ ਕਰਨ ਦੀ ਮੰਗ ਕੀਤੀ ਹੈ।