ਗੁਰਬਖ਼ਸ਼ਪੁਰੀ
ਤਰਨ ਤਾਰਨ, 15 ਨਵੰਬਰ
ਅੱਜ ਸ਼ਹਿਰ ’ਚ ਕੁਝ ਥਾਵਾਂ ’ਤੇ ਅਕਾਲੀ ਦਲ, ਕਾਂਗਰਸ ਅਤੇ ਮੋਦੀ ਖ਼ਿਲਾਫ਼ ਲਗਾਏ ਪੋਸਟਰਾਂ ਨੇ ਪ੍ਰਸ਼ਾਸਨ ਲਈ ਸਿਰਦਰਦੀ ਪੈਦਾ ਕਰਕੇ ਰੱਖ ਦਿੱਤੀ ਹੈ| ਇਨ੍ਹਾਂ ਪੋਸਟਰਾਂ ’ਤੇ ਕਿਸੇ ਜਥੇਬੰਦੀ ਦਾ ਨਾਂ ਆਦਿ ਨਹੀਂ ਲਿਖਿਆ ਅਤੇ ਨਾ ਹੀ ਕਿਸੇ ਜਾਰੀਕਰਤਾ-ਪ੍ਰਕਾਸ਼ਕ ਦਾ ਨਾਂ ਦਰਜ ਹੈ| ਪੋਸਟਰ ਉੱਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਲਗਾ ਕੇ ਬਾਦਲ, ਕੈਪਟਨ, ਮੋਦੀ ਤਿੰਨੇ ਕਿਸਾਨ ਵਿਰੋਧੀ ਲਿਖਿਆ ਹੋਇਆ ਹੈ| ਸ਼ਹਿਰ ਅੰਦਰ ਇਹ ਪੋਸਟਰ ਗੋਇੰਦਵਾਲ ਸਾਹਿਬ ਦੇ ਬਾਈਪਾਸ, ਬੱਸ ਅੱਡਾ ਆਦਿ ਥਾਵਾਂ ’ਤੇ ਲੱਗੇ ਦੇਖੇ ਗਏ ਹਨ| ਇਹ ਪੋਸਟਰ ਅੱਜ ਜਿਵੇਂ ਹੀ ਸਵੇਰ ਵੇਲੇ ਖੁਫੀਆਂ ਏਜੰਸੀਆਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਨਿਗ੍ਹਾ ਚੜ੍ਹੇ ਤਾਂ ਉਨ੍ਹਾਂ ਚੁਫੇਰਿਓਂ ਜਾਣਕਾਰੀ ਇਕੱਤਰ ਕਰਨ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ| ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਅਜਿਹੇ ਪੋਸਟਰ ਲਗਾਉਣ ਤੋਂ ਆਪਣੇ-ਆਪ ਨੂੰ ਵੱਖ ਕਰ ਲਿਆ ਹੈ| ਕਈ ਅਧਿਕਾਰੀਆਂ ਨੇ ਇਨ੍ਹਾਂ ਪੋਸਟਰਾਂ ਪਿੱਛੇ ਇਕ ਸਿਆਸੀ ਧਿਰ ਦੇ ਵਰਕਰਾਂ ਜਾਂ ਫਿਰ ਕਿਸੇ ਖੱਬੇ-ਪੱਖੀ ਜਥੇਬੰਦੀ ਦੇ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ|