ਬੀ ਐਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਸਤੰਬਰ
ਇੱਥੋਂ ਦੇ ਲੋਕਾਂ ਲਈ ਇੱਥੋਂ ਦਾ ਡਾਕਖਾਨਾ ਵੱਡੀ ਸਿਰਦਰਦੀ ਬਣ ਚੁੱਕਿਆ ਹੈ। ਲੋਕ ਇੱਥੇ ਸਵੇਰ ਤੋਂ ਆ ਕੇ ਕਤਾਰਾਂ ਵਿੱਚ ਖੜ੍ਹੇ ਹੋ ਜਾਂਦੇ ਹਨ। ਕਾਪੀਆਂ ’ਤੇ ਐਂਟਰੀ ਕਰਵਾਉਣ, ਆਰਡੀ, ਐੱਫਡੀ, ਪੈਸੇ ਜਮ੍ਹਾਂ ਕਰਾਉਣ, ਪੈਸੇ ਕਢਾਉਣ ਆਦਿ ਛੋਟੇ ਛੋਟੇ ਕੰਮਾਂ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਇੱਥੋਂ ਦਾ ਇੰਟਰਨੈੱਟ ਸਿਸਟਮ ਠੀਕ ਨਾ ਹੋਣ ਕਾਰਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਸਵੇਰ ਤੋਂ ਖੜ੍ਹੇ ਸ਼ਾਮ ਪੈ ਜਾਂਦੀ ਹੈ ਪਰ ਕੰਮ ਨਹੀਂ ਹੁੰਦੇ । ਇਸ ਸਬੰਧੀ ਕਈ ਵਾਰ ਡਾਕਖਾਨੇ ਦੇ ਸਟਾਫ ਨੂੰ ਵੀ ਦੱਸਿਆ ਜਾ ਚੁੱਕਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ । ਲੋਕਾਂ ਨੇ ਮੰਗ ਕੀਤੀ ਕਿ ਡਾਕਖਾਨੇ ਦਾ ਇੰਟਰਨੈੱਟ ਸਿਸਟਮ ਤੁਰੰਤ ਠੀਕ ਕੀਤਾ ਜਾਵੇ।
ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ: ਮੁੱਖ ਪ੍ਰਬੰਧਕ
ਡਾਕਖਾਨੇ ਦੇ ਮੁੱਖ ਪ੍ਰਬੰਧਕ ਨੰਦ ਲਾਲ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖ ਚੁੱਕੇ ਹਾਂ ਪਰ ਇੱਥੇ ਦਾ ਇੰਟਰਨੈੱਟ ਸਿਸਟਮ ਸਹੀ ਨਹੀਂ ਚੱਲ ਰਿਹਾ। ਉਨ੍ਹਾਂ ਦੱਸਿਆ ਕਿ ਇੰਟਰਨੈੱਟ ਨਾ ਚੱਲਣ ਕਾਰਨ ਕੰਮ ਵੀ ਪੈਂਡਿੰਗ ਰਹਿ ਜਾਂਦੇ ਹਨ ਅਤੇ ਲੋਕ ਵੀ ਇਸ ਨਾਲ ਖੱਜਲ ਖੁਆਰ ਹੁੰਦੇ ਹਨ।