ਜਸਵੰਤ ਜੱਸ
ਫ਼ਰੀਦਕੋਟ, 3 ਜੂਨ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਨੇ ਐੱਮਡੀਐੱਸ ਅਤੇ ਐੱਮਡੀ ਆਦਿ ਪੋਸਟ ਗ੍ਰੈਜੂਏਟ ਵਿਸ਼ਿਆਂ ਦੀ ਕੌਂਸਲਿੰਗ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਦਿਆਰਥੀ ਸੀਟ ਅਲਾਟ ਹੋਣ ਤੋਂ ਬਾਅਦ ਹਾਜ਼ਰ ਨਹੀਂ ਹੁੰਦਾ ਜਾਂ ਸੀਟ ਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਯੂਨੀਵਰਸਿਟੀ ਜੁਰਮਾਨਾ ਵਸੂਲਣ ਦੀ ਹੱਕਦਾਰ ਹੋਵੇਗੀ।
ਬਾਬਾ ਫ਼ਰੀਦ ਯੂਨੀਵਰਸਿਟੀ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 100818 ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੋਸਟ ਗ੍ਰੈਜੂਏਟ ਵਿਸ਼ਿਆਂ ਦਾ ਵਿਦਿਆਰਥੀ ਜੇਕਰ ਸੀਟ ਅਲਾਟ ਹੋਣ ਤੋਂ ਬਾਅਦ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ 25 ਹਜ਼ਾਰ ਤੋਂ 2 ਲੱਖ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਕਰੋਨਾ ਵਾਇਰਸ ਕਾਰਨ ਯੂਨੀਵਰਸਿਟੀ ਆਨਲਾਈਨ ਕੌਂਸਲਿੰਗ ਕਰ ਰਹੀ ਹੈ ਅਤੇ ਐੱਨਆਰਆਈ ਕੋਟੇ ਲਈ ਅਜੇ ਤੱਕ ਕੋਈ ਵਿਦਿਆਰਥੀ ਕੌਂਸਲਿੰਗ ਵਿੱਚ ਸ਼ਾਮਲ ਨਹੀਂ ਹੋਇਆ। ਪੋਸਟ ਗਰੈਜੂਏਟ ਵਿਸ਼ਿਆਂ ਦੀਆਂ ਪੰਜਾਬ ਵਿੱਚ 621 ਸੀਟਾਂ ਹਨ ਅਤੇ ਇਹ ਸੀਟਾਂ ਪੰਜਾਬ ਦੇ 19 ਕਾਲਜਾਂ ਨੂੰ ਦਿੱਤੀਆਂ ਗਈਆਂ ਹਨ। ਪਿਛਲੇ ਸਮੇਂ ਦੌਰਾਨ ਵਿਦਿਆਰਥੀ ਕੌਂਸਲਿੰਗ ਵਿੱਚ ਸੀਟਾਂ ਅਲਾਟ ਕਰਵਾਉਣ ਤੋਂ ਬਾਅਦ ਹਾਜ਼ਰ ਨਹੀਂ ਹੋਏ, ਜਿਸ ਕਰਕੇ ਕਾਲਜਾਂ ਦੀਆਂ ਕੀਮਤੀ ਸੀਟਾਂ ਖਾਲੀ ਰਹਿ ਗਈਆਂ। ਐੱਮਡੀਐੱਸ ਵਿਸ਼ੇ ਲਈ ਪੰਜਾਬ ਵਿੱਚ ਇਸ ਸਮੇਂ 70 ਲੱਖ ਰੁਪਏ ਫੀਸ ਤੈਅ ਕੀਤੀ ਗਈ ਹੈ ਜਦੋਂ ਕਿ ਐੱਮਡੀ ਵਿਸ਼ੇ ਲਈ 1 ਕਰੋੜ ਰੁਪਏ 25 ਲੱਖ ਰੁਪਏ ਫੀਸ ਮੁਕੱਰਰ ਕੀਤੀ ਗਈ ਹੈ ਤੇ ਫੁਟਕਲ ਖਰਚੇ ਵੱਖਰੇ ਹਨ।