ਚਰਨਜੀਤ ਭੁੱਲਰ
ਚੰਡੀਗੜ੍ਹ, 22 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਭਲਕੇ ਹੁਸੈਨੀਵਾਲਾ(ਫ਼ਿਰੋਜ਼ਪੁਰ) ਜਾ ਕੇ ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਰਾਜ ਗੁਰੂ ਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇਣਗੇ। ਆਪਣੀ ਇਸ ਫੇਰੀ ਮੌਕੇ ਮੁੱਖ ਮੰਤਰੀ ਸ਼ਹੀਦੇ ਆਜ਼ਮ ਨੂੰ ਸਮਰਪਿਤ ‘ਰਾਜ ਯੁਵਾ ਪੁਰਸਕਾਰ’ ਦੀ ਰਾਸ਼ੀ ਵਿੱਚ ਵਾਧੇ ਦਾ ਐਲਾਨ ਕਰ ਸਕਦੇ ਹਨ। ਸਰਕਾਰ ਨੇ ਇਹ ਪੁਰਸਕਾਰ ਹੁਣ ਰੈਗੂਲਰ ਦੇਣ ਬਾਰੇ ਫ਼ੈਸਲਾ ਕੀਤਾ ਹੈ ਤੇ ਯੁਵਾ ਸ਼ਕਤੀ ਨੂੰ ਹੁਲਾਰਾ ਦੇਣ ਲਈ ਪੁਰਸਕਾਰ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾਣਾ ਹੈ। ਪਿਛਲੇ ਕਈ ਸਾਲਾਂ ਦੌਰਾਨ ਇਹ ਪੁਰਸਕਾਰ ਕਦੇ ਵੀ ਵੇਲੇ ਸਿਰ ਨਹੀਂ ਦਿੱਤਾ ਗਿਆ। ਸਾਲਾਂ ਤੋਂ ਇਸ ਪੁਰਸਕਾਰ ਦੀ ਰਾਸ਼ੀ ਵਿਚ ਵਾਧੇ ਦੀ ਮੰਗ ਮੰਗ ਉੱਠਦੀ ਆਈ ਹੈ। ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ‘ਰਾਜ ਯੁਵਾ ਪੁਰਸਕਾਰ’ ਦੀ ਰਾਸ਼ੀ ਮਹਿਜ਼ 21 ਹਜ਼ਾਰ ਰੁਪਏ ਸੀ ਜਦੋਂ ਕਿ ਕਾਂਗਰਸ ਸਰਕਾਰ ਨੇ 23 ਮਾਰਚ 2017 ਨੂੰ ਯੁਵਾ ਪੁਰਸਕਾਰ ਦੀ ਰਾਸ਼ੀ ਵਧਾ ਕੇ 51 ਹਜ਼ਾਰ ਰੁਪਏ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦੇ ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੀ ਰਾਸ਼ੀ ਦੁੱਗਣੀ ਕਰਨਾ ਚਾਹੁੰਦੇ ਹਨ ਜਿਸ ਦਾ ਐਲਾਨ ਉਹ ਭਲਕੇ ਕਰ ਸਕਦੇ ਹਨ। ‘ਆਪ’ ਸਰਕਾਰ ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਸ਼ਹੀਦੇ ਆਜ਼ਮ ਰਾਜ ਯੁਵਾ ਪੁਰਸਕਾਰ ਸਾਲਾਨਾ ਦੇਣ ਵਿਚ ਨਾਂਹ-ਨੁੱਕਰ ਕੀਤੀ ਜਾਂਦੀ ਰਹੀ ਹੈ। ਪੰਜਾਬ ਦਾ ਇਹ ਇਕਲੌਤਾ ਐਵਾਰਡ ਹੈ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈ। ਪੰਜਾਬ ਸਰਕਾਰ ਨੇ ਲੰਘੇ ਦੋ ਸਾਲਾਂ ਤੋਂ ਇਸ ਪੁਰਸਕਾਰ ਲਈ ਦਰਖਾਸਤਾਂ ਮੰਗਣੀਆਂ ਵੀ ਬੰਦ ਕਰ ਦਿੱਤੀਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਰੈਗੂਲਰ ਕੌਮੀ ਯੁਵਾ ਐਵਾਰਡ ਦੇ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ 2017-18 ਤੋਂ ਇਹ ਰਾਜ ਯੁਵਾ ਪੁਰਸਕਾਰ ਨਹੀਂ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ 23 ਮਾਰਚ 2017 ਨੂੰ ਗੱਠਜੋੜ ਸਰਕਾਰ ਸਮੇਂ ਦੇ ਚਾਰ ਸਾਲਾਂ ਦੇ ਰਾਜ ਯੁਵਾ ਪੁਰਸਕਾਰ ਇਕੱਠੇ ਦਿੱਤੇ ਸਨ। ਉਸ ਮਗਰੋਂ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਪੁਰਸਕਾਰ ਕਦੇ ਦਿੱਤੇ ਨਹੀਂ ਗਏ। ਕਰੀਬ ਇਕ ਦਹਾਕੇ ਤੋਂ ਸਰਕਾਰਾਂ ਨੇ ਕਦੇ ਵੀ ਇਸ ਪੁਰਸਕਾਰ ਪ੍ਰਤੀ ਸੰਜੀਦਗੀ ਨਹੀਂ ਦਿਖਾਈ। ਇਸ ਪੁਰਸਕਾਰ ਲਈ ਵੱਡੇ ਬਜਟ ਦੀ ਲੋੜ ਵੀ ਨਹੀਂ ਹੈ। ਹਰ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਦੋ ਨੌਜਵਾਨਾਂ ਨੂੰ ਰਾਜ ਯੁਵਾ ਪੁਰਸਕਾਰ ਦਿੱਤਾ ਜਾ ਸਕਦਾ ਹੈ ਅਤੇ 15 ਤੋਂ 35 ਸਾਲ ਤੱਕ ਦਾ ਨੌਜਵਾਨ ਇਸ ਐਵਾਰਡ ਲਈ ਯੋਗ ਹੈ।
ਯੁਵਕ ਸੇਵਾਵਾਂ ਵਿਭਾਗ ਹਰ ਸਾਲ ਅਖ਼ਬਾਰਾਂ ਵਿੱਚ ਜਨਤਕ ਨੋਟਿਸ ਜਾਰੀ ਕਰਕੇ ਇਸ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕਰਦਾ ਰਿਹਾ ਹੈ, ਪਰ ਹੁਣ ਇਸ ਮਹਿਕਮੇ ਨੇ ਅਰਜ਼ੀਆਂ ਦੀ ਮੰਗ ਕਰਨੀ ਵੀ ਬੰਦ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਜ ਭਲਾਈ ਕੰਮਾਂ ਵਿਚ ਲਾਉਣ ਅਤੇ ਯੁਵਾ ਸ਼ਕਤੀ ਨੂੰ ਉਸਾਰੂ ਰਾਹ ’ਤੇ ਪਾਉਣ ਹਿੱਤ ਰਾਜ ਯੁਵਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ। ਸ਼ੁਰੂ ਵਿਚ ਇਸ ਐਵਾਰਡ ਦੀ ਰਾਸ਼ੀ ਸਿਰਫ਼ 10 ਹਜ਼ਾਰ ਰੁਪਏ ਹੁੰਦੀ ਸੀ, ਜਿਸ ਨੂੰ ਮਗਰੋਂ ਵਧਾ ਕੇ 21 ਹਜ਼ਾਰ ਕਰ ਦਿੱਤਾ ਗਿਆ। ਕੈਪਟਨ ਸਰਕਾਰ ਨੇ ਇਹ ਰਾਸ਼ੀ 51 ਹਜ਼ਾਰ ਰੁਪਏ ਕੀਤੀ ਸੀ।
ਭਗਤ ਸਿੰਘ ਨਾਲ ਫੋਕਾ ਹੇਜ…
ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ‘ਸ਼ਹੀਦੇ ਆਜ਼ਮ ਭਗਤ ਸਿੰਘ ਖੇਡਾਂ’ ਦੀ 2010-11 ਵਿਚ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਸਾਲ ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹਾਂ ’ਤੇ ਅਦਾਕਾਰ ਧਰਮਿੰਦਰ, ਸਨੀ ਦਿਓਲ ਅਤੇ ਬੌਬੀ ਦਿਓਲ ਪੁੱਜੇ ਸਨ। ਫਿਰ ਚਾਰ ਸਾਲ ਇਹ ਖੇਡਾਂ ਬੰਦ ਰਹੀਆਂ। 2017 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਨੇ 2016 ਵਿਚ ਇਹ ਖੇਡਾਂ ਮੁੜ ਕਰਵਾਈਆਂ ਸਨ। ਇਸੇ ਤਰ੍ਹਾਂ ਕਾਂਗਰਸ ਸਰਕਾਰ ਨੇ ਸਾਲ 2017-18 ਵਿਚ ‘ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਨ ਯੋਜਨਾ’ ਦਾ ਐਲਾਨ ਕੀਤਾ ਜਿਸ ਤਹਿਤ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਸੀ ਅਤੇ ਬੈਂਕ ਲੋਨ ਦੇ ਵਿਆਜ ਦੀ ਭਰਪਾਈ ਸਰਕਾਰ ਨੇ ਕਰਨੀ ਸੀ। ਪਹਿਲੇ ਸਾਲ ਬਜਟ ਵਿੱਚ 150 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਤੇ ਫਿਰ ਚਾਰ ਸਾਲ ਕੈਪਟਨ ਸਰਕਾਰ ਨੇ ਇਸ ਸਕੀਮ ’ਤੇ ਕੋਈ ਪੈਸਾ ਖ਼ਰਚ ਨਹੀਂ ਕੀਤਾ।
ਭਗਵੰਤ ਮਾਨ ਅੱਜ ਖਟਕੜ ਕਲਾਂ ’ਚ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜਲੀ
ਬੰਗਾ ( ਸੁਰਜੀਤ ਮਜਾਰੀ): ਮੁੱਖ ਮੰਤਰੀ ਭਗਵੰਤ ਮਾਨ ਭਲਕੇ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸ਼ਰਧਾਂਜਲੀ ਭੇਟ ਕਰਨਗੇ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਅੱਜ ਇਸ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਜਾਇਬ ਘਰ ਦੇ ਦੌਰੇ ਦੌਰਾਨ ਡੀਸੀ ਅਤੇ ਐੱਸਐੱਸਪੀ ਨੇ ਮੌਕੇ ’ਤੇ ਹੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੂਬਾ ਪੱਧਰੀ ਸਮਾਗਮ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਵੀ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਕਿੰਗ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਜੀਵਨ ਤੇ ਫਲਸਫਾ ਲੋਕਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਇਸ ਮੌਕੇ ਐੱਸਪੀ ਮਨਵਿੰਦਰਬੀਰ ਸਿੰਘ, ਸਰਬਜੀਤ ਸਿੰਘ ਬਾਹੀਆ, ਐੱਸਡੀਐੱਮ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਜ) ਦੀਪਾਂਕਰ ਗਰਗ, ਡੀਐੱਸਪੀ ਬੰਗਾ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।