ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਮਾਰਚ
ਪੰਜਾਬ ਅੰਦਰ ਐਤਕੀਂ ਬਿਜਲੀ ਮੰਗ ਦੀਆਂ ਵੱਧ ਰਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਬਿਜਲੀ ਪ੍ਰਬੰਧ ਛੋਟੇ ਪੈਣ ਲੱਗੇ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਐਤਕੀਂ ਸੂਬੇ ਅੰਦਰ ਮੁੜ ਬਿਜਲੀ ਕੱਟ ਦਸਤਕ ਦੇਣਗੇ। ਅਜਿਹੇ ਸ਼ੰਕਿਆਂ ਤੋਂ ਭਾਵੇਂ ਪਾਵਰਕੌਮ ਮੈਨੇਜਮੈਂਟ ਵੱਲੋਂ ਨਾਰਦ ਰੀਜਨ ਲੋਡ ਡਿਸਪੈਚ ਸੈਂਟਰ ਕੋਲ ਕੋਰੀਡੋਰ ਸਮੱਰਥਾ ’ਚ 700 ਮੈਗਾਵਾਟ ਦੇ ਵਾਧੇ ਦੀ ਮੰਗ ਉਠਾਈ ਗਈ ਹੈ ਪਰ ਫਿਲਹਾਲ ਸਬੰਧਿਤ ਅਥਾਰਟੀ ਵੱਲੋਂ ਕੋਈ ਠੋਸ ਹੁੰਗਾਰਾ ਨਾ ਮਿਲਣ ਕਾਰਨ ਪਾਵਰਕੌਮ ਨਿਰਾਸ਼ਾ ’ਚ ਦੱਸਿਆ ਜਾ ਰਿਹਾ ਹੈ। ਉਧਰ ਪਾਵਰਕੌਮ ਮੁੱਖ ਦਫ਼ਤਰ ਵੱਲੋਂ ਭਾਵੇਂ ਅੱਜ ਅਧਿਕਾਰਤ ਤੌਰ ’ਤੇ ਦੱਸਿਆ ਗਿਆ ਹੈ ਕਿ ਪੈਡੀ ਸੀਜ਼ਨ-2021 ਲਈ ਅਦਾਰੇ ਵੱਲੋਂ 13 ਹਜ਼ਾਰ ਮੈਗਾਵਾਟ ਤੋਂ ਵੱਧ ਤੱਕ ਬਿਜਲੀ ਦੀ ਮੰਗ ਦੀ ਪੂਰਤੀ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਦੋਂਕਿ ਪਿਛਲੇ ਸਾਲ ਕਰੋਨਾ ਕਾਰਨ ਵੱਡੀ ਪੱਧਰ ’ਤੇ ਇੰਡਸਟਰੀ, ਬਾਜ਼ਾਰ ਤੇ ਦਫ਼ਤਰ ਆਦਿ ਲੌਕਡਾਊਨ ਕਾਰਨ ਬੰਦ ਸਨ। ਉਸ ਮੌਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ 13145 ਮੈਗਾਵਾਟ ਨੂੰ ਛੂਹ ਗਿਆ ਸੀ। ਦੋ ਸਾਲ ਪਹਿਲਾਂ ਪੈਡੀ ਸੀਜ਼ਨ ਦੌਰਾਨ ਪੀਕ ਲੋਡ ’ਚ ਬਿਜਲੀ ਦੀ ਮੰਗ ਦਾ ਅੰਕੜਾ 13606 ਮੈਗਾਵਾਟ ’ਤੇ ਵੀ ਅੱਪੜ ਗਿਆ ਸੀ।