ਪੱਤਰ ਪ੍ਰੇਰਕ
ਬਸੀ ਪਠਾਣਾਂ, 30 ਜੁਲਾਈ
ਸਰਹਿੰਦ ਸ਼ਹਿਰ ਦੇ ਵਾਰਡ ਨੰਬਰ 21 ਦੀ ਨਵੀਂ ਬਣੀ ਮੁੱਖ ਸੜਕ ਜੋ ਸਿਵਲ ਹਸਪਤਾਲ, ਫਤਿਹਗੜ੍ਹ ਸਾਹਿਬ ਹੁੰਦੀ ਹੋਈ ਡੇਰਾ ਮੀਰਾਂ ਮੀਰ ਵੱਲ ਜਾਂਦੀ ਹੈ, ’ਤੇ ਆਵਾਰਾ ਪਸ਼ੂਆਂ ਦਾ ਕਬਜ਼ਾ ਹੈ। ਇਥੇ ਦਿਨ ਰਾਤ ਦਰਜਨਾਂ ਦੀ ਗਿਣਤੀ ’ਚ ਆਵਾਰਾ ਢੱਠੇ ਘੁੰਮਦੇ ਜਾਂ ਬੈਠੇ ਰਹਿੰਦੇ ਹਨ।
ਇਥੇ ਜ਼ਿਕਰਯੋਗ ਹੈ ਕਿ ਇਸ ਸੜਕ ਦੇ ਸਾਹਮਣੇ ਹੀ ਸਿਵਲ ਸਕੱਤਰੇਤ, ਬੱਚਤ ਭਵਨ ਆਦਿ ਇਮਾਰਤਾਂ ਸਥਿਤ ਹਨ, ਜਿਥੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ ਆਏ ਦਿਨ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ਪਰ ਕਿਸੇ ਅਧਿਕਾਰੀ ਦੀ ਨਜ਼ਰ ਹਾਲੇ ਇਨ੍ਹਾਂ ਆਵਾਰਾ ਪਸ਼ੂਆਂ ’ਤੇ ਨਹੀਂ ਪਈ। ਦੱਸਣਯੋਗ ਹੈ ਕਿ ਬੀਤੇ ਦਿਨ ਨਾਭੇ ਨੇੜਲੇ ਪਿੰਡ ਦੇ ਇਕ 35 ਸਾਲਾ ਨੌਜਵਾਨ ਦੀ ਕਿਸੇ ਆਵਾਰਾ ਪਸ਼ੂ ਦੇ ਟਕਰਾਉਣ ਕਾਰਨ ਮੌਤ ਹੋ ਚੁੱਕੀ ਹੈ। ਵਾਰਡ ਵਾਸੀਆਂ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਆਵਾਰਾ ਜਾਨਵਰਾਂ ਦੀ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਕੀ ਕਹਿਣਾ ਹੈ ਵਾਰਡ ਦੀ ਐਮਸੀ ਦਾ
ਇਸ ਸਬੰਧੀ ਵਾਰਡ 21 ਦੀ ਐਮਸੀ ਅਤੇ ਮਿਊਂਸਿਪਲ ਕੌਂਸਲ ਦੀ ਮੀਤ ਪ੍ਰਧਾਨ ਅਮਰਜੀਤ ਕੌਰ ਨਾਲ ਗੱਲ ਕੀਤੀ ਤਾਂ ਫੋਨ ’ਤੇ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਉਹ ਜਲਦੀ ਹੀ ਮਿਊਂਸਿਪਲ ਕਮੇਟੀ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕਰਵਾਉਗੇ।