ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਅਗਸਤ
ਸਿੱਖਿਆ ਵਿਭਾਗ ਪੰਜਾਬ ਦੀ ਵਜ਼ੀਫ਼ਾ ਸ਼ਾਖਾ ਨੇ ਗਰੀਬ ਵਰਗ ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਪੋਰਟਲ ਖੋਲ੍ਹ ਦਿੱਤਾ ਹੈ। ਇਸ ਵਿੱਚ 31 ਅਗਸਤ ਤੱਕ ਸਾਰੇ ਯੋਗ ਲਾਭਪਾਤਰੀਆਂ ਦਾ ਲੋੜੀਂਦਾ ਪੂਰਾ ਵੇਰਵਾ ਅਤੇ ਡਾਟਾ ਪੋਰਟਲ ’ਤੇ ਦਾਖ਼ਲ ਕੀਤਾ ਜਾ ਸਕਦਾ ਹੈ। ਸਕੂਲ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ 31 ਅਗਸਤ ਤੱਕ ਯੋਗ ਲਾਭਪਾਤਰੀ ਬਾਰੇ ਅਪਲਾਈ ਕਰਨਾ ਯਕੀਨੀ ਬਣਾਇਆ ਜਾਵੇ। ਸਹਾਇਕ ਡਾਇਰੈਕਟਰ (ਵਜ਼ੀਫ਼ਾ) ਪਰਮਿੰਦਰ ਕੌਰ ਨੇ ਦੱਸਿਆ ਕਿ 8 ਸਤੰਬਰ ਤੱਕ ਸਮਰੱਥ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਣ ਉਪਰੰਤ ਵਿਦਿਆਰਥੀਆਂ ਦਾ ਡਾਟਾ ਅਤੇ ਵੇਰਵੇ ਜ਼ਿਲ੍ਹਾ ਪੱਧਰ ’ਤੇ ਆਨਲਾਈਨ ਭੇਜਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਪੱਧਰ ’ਤੇ ਪ੍ਰਵਾਨਗੀ ਤੋਂ ਬਾਅਦ 10 ਸਤੰਬਰ ਤੋਂ ਪਹਿਲਾਂ ਵੇਰਵੇ ਮੁੱਖ ਦਫ਼ਤਰ ਨੂੰ ਭੇਜਣਾ ਲਾਜ਼ਮੀ ਕੀਤਾ ਗਿਆ ਹੈ।