ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਜੂਨ
ਮੋਗਾ ’ਚ ਇੱਕ ਥਾਣੇਦਾਰ ਦੀਆਂ ਇੱਕ ਮਹਿਲਾ ਨਾਲ ਅਸ਼ਲੀਲ ਤਸਵੀਰਾਂ ਵਾਇਰਲ ਹੋ ਗਈਆਂ ਹਨ। ਇਹ ਥਾਣੇਦਰ ਸਥਾਨਕ ਥਾਣਾ ਸਿਟੀ ਦੱਖਣੀ ਦਾ ਤਤਕਾਲੀ ਵਧੀਕ ਮੁਖੀ ਦੱਸਿਆ ਜਾਂਦਾ ਹੈ। ਵੇਰਵਿਆਂ ਅਨੁਸਾਰ ਕਰੀਬ 4 ਮਹੀਨੇ ਪਹਿਲਾਂ ਇੱਕ ਨੌਜਵਾਨ ਆਪਣੀ ਮਹਿਲਾ ਦੋਸਤ ਨਾਲ ਕੋਟਕਪੂਰਾ ਰੋਡ ਸਥਿਤ ਇੱਕ ਢਾਬੇ ਉੱਤੇ ਗਿਆ ਸੀ, ਜਿੱਥੇ ਢਾਬੇ ਦੇ ਮਾਲਕ ਨਾਲ ਉਸ ਦਾ ਕਿਸੇ ਗੱਲੋਂ ਵਿਵਾਦ ਹੋ ਗਿਆ ਸੀ ਅਤੇ ਗੋਲੀਬਾਰੀ ਹੋਈ ਸੀ। ਢਾਬਾ ਮਾਲਕ ਨੇ ਪੁਲੀਸ ਸੱਦ ਲਈ ਸੀ ਤੇ ਹੋਰਨਾਂ ਪੁਲੀਸ ਅਧਿਕਾਰੀਆਂ ਨਾਲ ਵਿਵਾਦਤ ਥਾਣੇਦਾਰ ਵੀ ਉੱਥੇ ਪੁੱਜਿਆ ਸੀ। ਇਸ ਦੌਰਾਨ ਵਿਵਾਦਤ ਥਾਣੇਦਾਰ ਨੇ ਨੌਜਵਾਨ ਨੂੰ ਡਰਾ-ਧਮਕਾ ਕੇ ਉੱਥੋਂ ਭਜਾ ਦਿੱਤਾ ਤੇ ਉਸ ਦੀ ਮਹਿਲਾ ਦੋਸਤ ਉੱਤੇ ਡੋਰੇ ਪਾ ਲਏ। ਥਾਣੇਦਾਰ ਦੀ ਮਹਿਲਾ ਨਾਲ ਦੋਸਤੀ ਦੀ ਪੁਲੀਸ ਵਿਭਾਗ ਵਿੱਚ ਚਰਚਾ ਹੋਣ ਮਗਰੋਂ ਉਸ ਨੂੰ ਉੱਥੋਂ ਬਦਲ ਦਿੱਤਾ ਗਿਆ ਸੀ। ਅੱਜ ਇੱਕ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਥਾਣੇਦਾਰ ਤੇ ਮਹਿਲਾ ਦੀਆਂ ਅਸ਼ਲੀਲ ਤਸਵੀਰਾਂ ਅੱਪਲੋਡ ਕਰ ਦਿੱਤੀਆਂ। ਮਗਰੋਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੋਂ ਹਟਾ ਦਿੱਤਾ ਗਿਆ ਪਰ ਉਦੋਂ ਤੱਕ ਇਹ ਵਾਇਰਲ ਹੋ ਚੁੱਕੀਆਂ ਸਨ। ਪਤਾ ਲੱਗਾ ਹੈ ਕਿ ਔਰਤ ਨੇ ਆਪਣੇ ਪੁਰਾਣੇ ਦੋਸਤ ਨਾਲ ਸਬੰਧ ਰੱਖੇ ਹੋਏ ਸਨ ਅਤੇ ਵਰਦੀ ਦੇ ਰੋਅਬ ਨਾਲ ਥਾਣੇਦਾਰ ਵੱਲੋਂ ਬਣਾਏ ਰਿਸ਼ਤੇ ਤੋਂ ਛੁਟਕਾਰਾ ਪਾਉਣ ਲਈ ਇਹ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਹਨ।