ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਪਰੈਲ
ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਕੀਤੇ ਗਏ ਪੂਨਮਦੀਪ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਐੱਸਡੀ, ਐੱਮਏਡੀਸੀ, ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ ਅਤੇ ਪੀਆਰਟੀਸੀ ਦੇ ਐੱਮਡੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੌਰਾਨ ਦਫ਼ਤਰ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਨਵੇਂ ਐੱਮਡੀ ਪੂਨਮਦੀਪ ਕੌਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸੇ ਦੌਰਾਨ ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਫ਼ਦ ਨੇ ਐੱਮਡੀ ਪੂਨਮਦੀਪ ਕੌਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਪੀਆਰਟੀਸੀ ਅਦਾਰਾ ਤਰੱਕੀ ਕਰੇਗਾ।
ਇਸ ਵਫ਼ਦ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ, ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ, ਜਨਰਲ ਸਕੱਤਰ ਬਚਨ ਸਿੰਘ ਅਰੋੜਾ, ਹਰੀ ਸਿੰਘ ਚਮਕ, ਕੈਸ਼ੀਅਰ ਅਮੋਲਕ ਸਿੰਘ ਤੇ ਹੋਰ ਸ਼ਾਮਲ ਸਨ। ਵਫ਼ਦ ਨੇ ਐੱਮਡੀ ਨਾਲ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਐੱਮਡੀ ਪੂਨਮਦੀਪ ਕੌਰ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੈਨਸ਼ਨ ਪਹਿਲਾਂ ਵਾਂਗ ਹੀ ਸਮੇਂ ਸਿਰ ਮਿਲਦੀ ਰਹੇਗੀ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਸਮੇਂ ਸਿਰ ਹੁੰਦੀ ਰਹੇਗੀ। ਉਨ੍ਹਾਂ ਵਾਅਦਾ ਕੀਤਾ ਕਿ ਪੇਅ ਕਮਿਸ਼ਨ ਦੇ ਜੁਲਾਈ 2021 ਤੋਂ ਦਸੰਬਰ 2021 ਤੱਕ ਦੇ ਰਹਿੰਦੇ ਬਕਾਏ ਛੇਤੀ ਹੀ ਜਾਰੀ ਕੀਤੇ ਜਾਣਗੇ।