ਜਗਮੋਹਨ ਸਿੰਘ
ਘਨੌਲੀ, 8 ਅਗਸਤ
ਖਣਨ ਠੇਕੇਦਾਰਾਂ ਵੱਲੋਂ ਖਣਨ ਸਮੱਗਰੀ ਦੇ ਭਰੇ ਵਾਹਨਾਂ ਦੀ ਤੁਲਾਈ ਲਈ ਭਰਤਗੜ੍ਹ-ਨਵਾਂ ਗਰਾਓਂ ਸੜਕ ਕੰਢੇ ਬੇਤਰਤੀਬੇ ਢੰਗ ਨਾਲ ਲਗਾਇਆ ਗਿਆ ਕੰਡਾ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਜਰ ਡਿਸਟ੍ਰਿਕਟ ਸੜਕ ਕਿਨਾਰੇ ਠੇਕੇਦਾਰਾਂ ਵੱਲੋਂ ਕੰਡਾ ਲਗਾਏ ਜਾਣ ਤੋਂ ਬਾਅਦ ਸੜਕ ਕਿਨਾਰਿਆਂ ਤੋਂ ਕਾਫੀ ਨੀਵੀਂ ਹੋ ਗਈ ਹੈ ਅਤੇ ਸੜਕ ਦਾ ਦੂਜਾ ਕਿਨਾਰਾ ਪਹਿਲਾਂ ਹੀ ਕਾਫੀ ਉੱਚਾ ਹੋਣ ਕਾਰਨ ਮੀਂਹ ਦਾ ਪਾਣੀ ਸੜਕ ਵਿਚਾਲੇ ਖੜ੍ਹਨਾ ਸ਼ੁਰੂ ਹੋ ਗਿਆ ਹੈ। ਇਸ ਪਾਣੀ ਵਿੱਚੋਂ ਲੰਘਦੇ ਓਵਰਲੋਡ ਟਿੱਪਰਾਂ ਨੇ ਸੜਕ ਦੀ ਹਾਲਤ ਹੋਰ ਵੀ ਬਦਤਰ ਬਣਾ ਦਿੱਤੀ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਇੱਥੋਂ ਲੰਘਣ ਵੇਲੇ ਕਾਫੀ ਮੁਸ਼ਕਿਲ ਪੇਸ਼ ਆਊਂਦੀ ਹੈ।
ਦੋ ਪਹੀਆ ਵਾਹਨਾਂ ਦੇ ਚਾਲਕਾਂ ਲਈ ਤਾਂ ਇਸ ਸੜਕ ਤੋਂ ਲੰਘਣਾ ਲਗਪਗ ਅਸੰਭਵ ਹੋ ਚੁੱਕਿਆ ਹੈ। ਸੜਕ ਦੀ ਖ਼ਸਤਾ ਹਾਲਤ ਤੋਂ ਦੁੱਖੀ ਹੋਏ ਲੋਕਾਂ ਨੇ ਅੱਜ ਕੰਡੇ ਨੇੜੇ ਇਕੱਠੇ ਹੋ ਕੇ ਸਰਪੰਚ ਸੁਖਦੀਪ ਸਿੰਘ ਭਰਤਗੜ੍ਹ ਦੀ ਅਗਵਾਈ ਵਿੱਚ ਖਣਨ ਠੇਕੇਦਾਰਾਂ ਖ਼ਿਲਾਫ਼ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਖਣਨ ਠੇਕੇਦਾਰਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਇੱਕ ਹਫ਼ਤੇ ਦੇ ਅੰਦਰ ਸੜਕ ਨੂੰ ਦੋ ਪਹੀਆ ਵਾਹਨਾਂ ਦੇ ਲੰਘਣਯੋਗ ਨਾ ਬਣਾਇਆ ਗਿਆ ਤਾਂ ਗਰਾਮ ਪੰਚਾਇਤ ਭਰਤਗੜ੍ਹ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।
ਗਟਕਾ ਪਾਉਣ ਦਾ ਕੰਮ ਸ਼ੁਰੂ ਕਰ ਦੇਵਾਂਗੇ: ਗੁਪਤਾ
ਖਣਨ ਠੇਕੇਦਾਰਾਂ ਦੇ ਨੁਮਾਇੰਦੇ ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਹੀ ਸੜਕ ਵਿੱਚ ਗਰੈਵਰ ਦਾ ਭਰਤ ਪਾ ਕੇ ਸੜਕ ਨੂੰ ਕੰਡੇ ਨਾਲੋਂ ਉੱਚੀ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਕਿਸੇ ਵੀ ਰਾਹਗੀਰ ਨੂੰ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਬਰਸਾਤ ਤੋਂ ਬਾਅਦ ਸ਼ੁਰੂ ਹੋਵੇਗਾ ਕੰਮ: ਐੱਸਡੀਓ
ਲੋਕ ਨਿਰਮਾਣ ਵਿਭਾਗ ਰੂਪਨਗਰ ਦੇ ਐੱਸਡੀਓ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਸੜਕ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ ਜੋ ਹੁਣ ਬਰਸਾਤ ਕਾਰਨ ਰੁਕਿਆ ਹੋਇਆ ਹੈ ਅਤੇ ਬਰਸਾਤ ਦਾ ਸੀਜ਼ਨ ਖ਼ਤਮ ਹੁੰਦੇ ਹੀ ਸੜਕ ਨੂੰ ਭਰਤ ਪਾ ਕੇ ਕੰਡੇ ਨਾਲੋਂ ਉੱਚਾ ਕਰ ਦਿੱਤਾ ਜਾਵੇਗਾ, ਜਿਸ ਨਾਲ ਇਸ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਹੋ ਜਾਵੇਗਾ।