ਪੱਤਰ ਪ੍ਰੇਰਕ
ਨੂਰਪੁਰ ਬੇਦੀ, 16 ਨਵੰਬਰ
ਇਸ ਖੇਤਰ ਦੇ ਲਗਪਗ 50 ਪਿੰਡਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਦੇਣ ਲਈ ਨਜ਼ਦੀਕੀ ਪਿੰਡ ਸਸਕੌਰ ਵਿਖੇ ਦੋ ਸਾਲ ਪਹਿਲਾਂ ਲਗਾਏ ਗਏ ਬਹੁ-ਕਰੋੜੀ ਨਹਿਰੀ ਪਾਣੀ ਪ੍ਰਾਜੈਕਟ ਦੇ ਬਾਵਜੂਦ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਦੇਣ ’ਤੇ ਸ਼ਿਕਾਇਤਕਰਤਾ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਰੂਪਨਗਰ ਵਿੱਚ ਐਗਜੀਕਿਊਸ਼ਨ ਪਟੀਸ਼ਨ ਦਾਇਰ ਕੀਤੀ ਹੈ। ਇਸ ’ਤੇ ਕਮਿਸ਼ਨ ਨੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮਿਸ਼ਨ ਅੱਗੇ ਪੇਸ਼ ਹੋਣ ਅਤੇ ਆਪਣਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸੀਨੀਅਰ ਸੈਕਸ਼ਨ ਇੰਜਨੀਅਰ (ਮਕੈਨੀਕਲ) ਵਜੋਂ ਤਾਇਨਾਤ ਅਤੇ ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਸੂਬਾ ਪ੍ਰਧਾਨ ਇੰਜ. ਬ੍ਰਿਜ ਮੋਹਨ ਨੇ ਨੂਰਪੁਰ ਬੇਦੀ ਖੇਤਰ ’ਚ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਨਜ਼ਰਸਾਨੀ ਪਟੀਸ਼ਨ ਪਾਈ ਸੀ। ਇਸ ਪਟੀਸ਼ਨ ’ਤੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਮੈਂਬਰ ਕੈਪਟਨ ਵਾਈ.ਐੱਸ ਮੱਟਾ ਅਤੇ ਰਣਵੀਰ ਕੌਰ ਨੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਆਨੰਦਪੁਰ ਸਾਹਿਬ ਅਤੇ ਐਸ.ਡੀ.ਓ. ਨੂਰਪੁਰਬੇਦੀ ਨੂੰ ਅਗਲੇ ਸਾਲ 10 ਜਨਵਰੀ ਨੂੰ ਨਿੱਜੀ ਤੌਰ ’ਤੇ ਕਮਿਸ਼ਨ ਅੱਗੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।