ਦਵਿੰਦਰ ਪਾਲ
ਚੰਡੀਗੜ੍ਹ, 8 ਮਾਰਚ
ਪੰਜਾਬ ਦੀ 15ਵੀਂ ਵਿਧਾਨ ਸਭਾ ਦੇ ਨਤੀਜੇ ਜਨਤਕ ਹੋਣ ਤੋਂ ਪਹਿਲਾਂ ਟੈਲੀਵਿਜ਼ਨ ਚੈਨਲਾਂ ਵੱਲੋਂ ਨਸ਼ਰ ਕੀਤੇ ਚੋਣ ਸਰਵੇਖਣਾਂ ਸਬੰਧੀ ਸੂਬੇ ਦੀਆਂ ਸਥਾਪਤ ਪਾਰਟੀਆਂ ਦਾ ਨਜ਼ਰੀਆ ਕੁਝ ਵੱਖਰਾ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਰਿਪੋਰਟਾਂ ਇਹ ਵੀ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੇ ਅੰਦਰਖਾਤੇ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਵੀ ਆਰੰਭ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਵੱਲੋਂ ਦੱਬਵੀਂ ਸੁਰ ਵਿੱਚ ਇਹ ਤਾਂ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵੋਟਰਾਂ ਦੇ ਰੁਖ਼ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਇੱਕ ਵੱਡੀ ਧਿਰ ਵਜੋਂ ਉਭਰਨ ਦੀ ਸੰਭਾਵਨਾ ਹੈ ਪਰ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਸਾਰੀਆਂ ਸਿਆਸੀ ਧਿਰਾਂ ਨੂੰ ਠਿੱਬੀ ਲਾ ਕੇ ਹੂੰਝਾ ਫੇਰ ਜਿੱਤ ਵੀ ਹਾਸਲ ਕਰ ਸਕਦੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਸਰਵੇਖਣ ਸਾਹਮਣੇ ਆਉਣ ਤੋਂ ਬਾਅਦ ਵੀ ਜੋਤਸ਼ੀਆਂ ਦੀ ਭਵਿੱਖਬਾਣੀ ਦੇ ਆਧਾਰ ’ਤੇ ਚੋਣ ਨਤੀਜਿਆਂ ਵਿੱਚ 10 ਮਾਰਚ ਨੂੰ ਕਾਂਗਰਸ ਦੀ ਚੜ੍ਹਤ ਹੋਣ ਦੀ ਗੱਲ ਆਖ ਰਹੇ ਹਨ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਦਾਅਵਾ ਹੈ ਕਿ ਸਾਲ 2012 ਅਤੇ ਸਾਲ 2017 ਵਿੱਚ ਜਿਸ ਤਰ੍ਹਾਂ ਦੇ ਤੱਥ ਐਗਜ਼ਿਟ ਪੋਲ ਰਾਹੀਂ ਸਾਹਮਣੇ ਆਏ ਸਨ, ਨਤੀਜੇ ਇਨ੍ਹਾਂ ਤੱਥਾਂ ਦੇ ਉਲਟ ਸਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵੀ ਇਸੇ ਤਰ੍ਹਾਂ ਦੇ ਦਾਅਵੇ ਕਰਦਿਆਂ 10 ਮਾਰਚ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਐਗਜ਼ਿਟ ਪੋਲ ਸਰਵੇਖਣਾਂ ਵਿੱਚ ‘ਆਪ’ ਨੂੰ ਸਪੱਸ਼ਟ ਬਹੁਮਤ ਨਾਲੋਂ ਕਿਤੇ ਜ਼ਿਆਦਾ ਸੀਟਾਂ ਮਿਲਣ ਦੀ ਗੱਲ ਕੀਤੀ ਗਈ ਹੈ ਅਤੇ ਅਕਾਲੀਆਂ ਤੇ ਕਾਂਗਰਸ ਨੂੰ ਝਟਕੇ ਦਿੱਤੇ ਗਏ ਹਨ।
‘ਆਪ’ ਦੇ ਇੱਕ ਸੀਨੀਅਰ ਆਗੂ ਨੇ ਤਾਂ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਨਾਲ ਤਾਇਨਾਤ ਕੀਤੇ ਜਾਣ ਵਾਲੇ ਅਧਿਕਾਰੀਆਂ ਦੀ ਚੋਣ ਸਬੰਧੀ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵਿੱਚ ਮੀਟਿੰਗਾਂ ਵੀ ਕੀਤੀਆਂ ਸਨ।
ਐਗਜ਼ਿਟ ਪੋਲ ਨਾਲੋਂ ਵੱਖਰੇ ਹੋਣਗੇ ਚੋਣ ਨਤੀਜੇ: ਪਰਗਟ ਸਿੰਘ
ਕਾਂਗਰਸ ਦੇ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨਲ) ਪਰਗਟ ਸਿੰਘ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਚੈਨਲਾਂ ’ਤੇ ਜਿਸ ਤਰ੍ਹਾਂ ਦੇ ਸਰਵੇਖਣ ਦਿਖਾਏ ਗਏ ਹਨ, ਉਹ ਅਸਲੀਅਤ ਤੋਂ ਕੋਹਾਂ ਦੂਰ ਜਾਪ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਦੀ ਅਸਲ ਤਸਵੀਰ ਤਾਂ 10 ਮਾਰਚ ਨੂੰ ਸਾਹਮਣੇ ਆ ਜਾਵੇਗੀ ਪਰ ਇਹ ਗੱਲ ਪੱਕੀ ਹੈ ਕਿ ਚੋਣ ਨਤੀਜੇ ਐਗਜ਼ਿਟ ਪੋਲ ਨਾਲੋਂ ਵੱਖਰੇ ਹੋਣਗੇ। ਪਰਗਟ ਸਿੰਘ ਨੇ ਕਿਹਾ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਡੇਢ ਲੱਖ ਤੱਕ ਵੋਟਾਂ ਹਨ। ਇਸ ਲਈ ਕੁਝ ਬੰਦਿਆਂ ਨਾਲ ਗੱਲਬਾਤ ਕਰਕੇ ਨਿਚੋੜ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਨ ਦਾ ਭਰੋਸਾ ਪ੍ਰਗਟਾਇਆ।
ਸੁਖਦੇਵ ਢੀਂਡਸਾ ਚੋਣ ਸਰਵੇਖਣਾਂ ਤੋਂ ਹੈਰਾਨ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਚੋਣ ਸਰਵੇਖਣਾਂ ’ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਸਲ ਨਤੀਜੇ ਕੁਝ ਹੋਰ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ।