ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜਨਵਰੀ
ਬੌਲੀਵੁੱਡ ਅਦਾਕਾਰ ਸੋਨੂ ਸੂਦ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਲਈ ਚੋਣ ਪ੍ਰਚਾਰ ਕਰੇਗਾ। ਮਾਲਵਿਕਾ ਨੇ ਅਦਾਕਾਰ ਭਰਾ ਵੱਲੋਂ ਉਸ ਦੇ ਹੱਕ ’ਚ ਚੋਣ ਪ੍ਰਚਾਰ ਨਾ ਕਰਨ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਸੋਨੂ ਸੂਦ ਕਾਂਗਰਸ ਪਾਰਟੀ ’ਚ ਸ਼ਾਮਲ ਨਹੀਂ ਹੋਇਆ ਪਰ ਭਰਾ ਹੋਣ ਦੇ ਨਾਤੇ ਉਹ ਉਸ ਦੇ ਚੋਣ ਪ੍ਰਚਾਰ ਮੁਹਿੰਮ ਦਾ ਹਿੱਸਾ ਬਣੇਗਾ।
ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਹਾਕਮ ਧਿਰ ਦੀ ਟਿਕਟ ਉੱਤੇ ਚੋਣ ਲੜਨ ਦੀ ਤਿਆਰੀ ਕਰਨ ਵਾਲੀ ਮਾਲਵਿਕਾ ਸੱਚਰ ਸੂਦ ਨੇ ਕਿਹਾ ਕਿ ਉਸ ਨੇ ਕਦੇ ਸਿਆਸਤ ਵਿੱਚ ਆਉਣ ਬਾਰੇ ਨਹੀਂ ਸੋਚਿਆ ਸੀ ਅਤੇ ਇਹ ਫ਼ੈਸਲਾ ਵੀ ਰਾਜਨੀਤੀ ਨੂੰ ਸੇਵਾ ਨੀਤੀ ਵਿੱਚ ਬਦਲਣ ਲਈ ਲਿਆ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਚੋਣਾਂ ਵੇਲੇ ਲੋਕਾਂ ਅੱਗੇ ਹੱਥ ਜੋੜਨ ਦੀ ਬਜਾਏ ਜੇਕਰ ਮੁਸ਼ਕਲ ਸਮੇਂ ਲੋਕਾਂ ਦੀ ਬਾਂਹ ਫੜੀ ਜਾਵੇ ਤਾਂ ਲੋਕ ਆਪਣੇ-ਆਪ ਤੁਹਾਡੇ ਪਰਿਵਾਰ ਦਾ ਹਿੱਸਾ ਬਣ ਜਾਣਗੇ।
ਪੰਜਾਬ ਦੇ ਹਾਲਾਤ ਬਾਰੇ ਗੱਲ ਕਰਦਿਆਂ ਮਾਲਵਿਕਾ ਨੇ ਕਿਹਾ ਕਿ ਮਾਪੇ ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਜ਼ਮੀਨੀ ਪੱਧਰ ’ਤੇ ਪਿੰਡਾਂ ਦੇ ਲੋਕ ਬਹੁਤ ਤਕਲੀਫ਼ ਵਿੱਚ ਹਨ, ਇਸ ਲਈ ਪੰਜਾਬ ਵਿੱਚ ਇਕ ਬਹੁਤ ਵੱਡੀ ਕ੍ਰਾਂਤੀ ਦੀ ਲੋੜ ਹੈ। ਉਸ ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਰਾਜਨੀਤੀ ’ਚ ਆਉਣਾ ਗ਼ਲਤ ਨਹੀਂ, ਗ਼ਲਤ ਤਾਂ ਚੋਣਾਂ ਮਗਰੋਂ ਘਰ ਬੈਠ ਜਾਣਾ ਅਤੇ ਲੋਕਾਂ ਨੂੰ ਮੂੰਹ ਨਾ ਦਿਖਾਉਣਾ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਉਸ ਦੀ ਖੁਸ਼ਕਿਸਮਤੀ ਹੈ ਕਿ ਉਹ ਮੋਗਾ ਦੀ ਧੀ ਹੈ ਅਤੇ ਉਸ ਦਾ ਜਨਮ ਪੰਜਾਬ ਵਿੱਚ ਹੋਇਆ ਹੈ। ਪੰਜਾਬੀ ਹੋਣ ਨਾਤੇ ਉਸ ਦੀ ਇਹੀ ਕੋਸ਼ਿਸ਼ ਰਹੇਗੀ ਕਿ ਮੋਗਾ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕੋਈ ਕਸਰ ਨਾ ਛੱਡੀ ਜਾਵੇਗੀ।