ਪਾਲ ਸਿੰਘ ਨੌਲੀ
ਜਲੰਧਰ, 28 ਦਸੰਬਰ
ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਅੱਧਾ ਸ਼ਹਿਰੀ ਤੇ ਅੱਧਾ ਪੇਂਡੂ ਹੈ। ਇਸ ਹਲਕੇ ਦੀ ਖ਼ਾਸੀਅਤ ਹੈ ਕਿ ਇੱਥੋਂ ਕਦੇ ਵੀ ਕਿਸੇ ਆਗੂ ਨੂੰ ਦੂਜੀ ਵਾਰ ਟਿਕਟ ਨਹੀਂ ਮਿਲੀ ਤੇ ਨਾ ਹੀ ਕੋਈ ਦੂਜੀ ਵਾਰ ਵਿਧਾਇਕ ਬਣਿਆ। ਇਹ ਮਿੱਥ ਪਰਗਟ ਸਿੰਘ ਨੇ ਲਗਾਤਾਰ ਦੂਜੀ ਵਾਰ ਵਿਧਾਇਕ ਬਣ ਕੇ ਤੋੜੀ ਪਰ ਦੋਵੇਂ ਵਾਰ ਉਨ੍ਹਾਂ ਦੀ ਪਾਰਟੀ ਵੱਖੋ ਵੱਖਰੀ ਸੀ। ਸਾਲ 2012 ਦੀਆਂ ਚੋਣਾਂ ਦੌਰਾਨ ਉਹ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਸਨ ਤੇ ਦੂਜੀ ਵਾਰ ਕਾਂਗਰਸ ਦੀ ਟਿਕਟ ’ਤੇ। ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਪਿੰਡ ਸੰਸਾਰਪੁਰ ਇਸੇ ਹਲਕੇ ਦਾ ਹਿੱਸਾ ਹੈ। ਇਥੋਂ ਕਈ ਖਿਡਾਰੀ ਓਲੰਪਿਕ ਵਿੱਚ ਖੇਡੇ ਹਨ।
ਹਲਕੇ ਦੇ ਪਿੰਡ ਜਮਸ਼ੇਰ ਦੀਆਂ ਡੇਅਰੀਆਂ ਅਤੇ ਇੱਥੇ ਹੀ ਕੂੜੇ ਤੋਂ ਖਾਦ ਬਣਾਉਣ ਲਈ ਲੱਗਣ ਵਾਲੀ ਫੈਕਟਰੀ ਵਿਵਾਦਾਂ ਵਿੱਚ ਰਹੀ ਹੈ। ਕੂੜਾ ਸੰਭਾਲਣ ਲਈ ਲੱਗਣ ਵਾਲੀ ਫੈਕਟਰੀ ਨੂੰ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਕਿਹਾ ਜਾਂਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦਿਆਂ ਵੀ ਪਰਗਟ ਸਿੰਘ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ ਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੇ ਰੋਸ ਮੁਜ਼ਾਹਰੇ ਕੀਤੇ ਸਨ। ਇਸ ਫੈਕਟਰੀ ’ਚ ਦੋਆਬੇ ਦੀਆਂ ਸਾਰੀਆਂ ਨਗਰ ਕੌਂਸਲਾਂ ਦਾ ਕੂੜਾ ਆਉਣਾ ਸੀ। ਫੋਲੜੀਵਾਲ ਪਿੰਡ ਵਿਚ ਲੱਗਾ ਸੀਵਰੇਜ ਟਰੀਟਮੈਂਟ ਪਲਾਂਟ ਵੀ ਲੋਕਾਂ ਦੀ ਸਿਰਦਰਦੀ ਬਣਿਆ ਹੋਇਆ ਹੈ।
2017 ਦੀਆਂ ਚੋਣਾਂ ਵਿੱਚ ਇਸ ਹਲਕੇ ਤੋਂ ਪਰਗਟ ਸਿੰਘ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਜਿੱਤੇ ਸਨ ਤੇ ਉਨ੍ਹਾਂ ਦੇ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਮੱਕੜ ਨੇ ਚੋਣ ਲੜੀ ਸੀ। ਮੱਕੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਤੋਂ ਐੱਚਐੱਸ ਵਾਲੀਆ ਨੇ ਚੋਣ ਲੜੀ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ।
ਹਲਕੇ ਦੇ ਸ਼ਹਿਰੀ ਖੇਤਰ ਵਿੱਚ ਸਟਰੀਟ ਲਾਈਟਾਂ ਨਾ ਲੱਗਣ ਕਾਰਨ ਵਿਧਾਇਕ ਪਰਗਟ ਸਿੰਘ ਜਨਤਕ ਤੌਰ ’ਤੇ ਮੇਅਰ ਜਗਦੀਸ਼ ਰਾਜਾ ਨੂੰ ਭੰਡਦੇ ਰਹਿੰਦੇ ਸਨ। ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਆਖਰੀ ਤਿੰਨ-ਚਾਰ ਮਹੀਨਿਆਂ ਵਿੱਚ ਪਰਗਟ ਸਿੰਘ ਨੂੰ ਸਿੱਖਿਆ, ਖੇਡਾਂ, ਭਾਸ਼ਾ ਤੇ ਐੱਨਆਰਆਈਜ਼ ਦੇ ਵਿਭਾਗਾਂ ਦਾ ਮੰਤਰੀ ਬਣਨ ਦਾ ਮੌਕਾ ਮਿਲਿਆ ਹੈ। ਸਿੱਖਿਆ ਮੰਤਰੀ ਹੋਣ ਕਾਰਨ ਨਿੱਤ ਉਨ੍ਹਾਂ ਦੇ ਘਰ ਅੱਗੇ ਬੇਰੁਜ਼ਗਾਰ ਤੇ ਈਟੀਟੀ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ।
ਵਿਧਾਇਕ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਫਿਰ ਵੀ ਕੁਝ ਕੰਮ ਕਰਨ ਤੋਂ ਰਹਿ ਗਏ ਹਨ। ਸਾਢੇ ਚਾਰ ਸਾਲ ਤਕ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਆਪ ਕੰਮ ਕੀਤਾ ਤੇ ਨਾ ਹੀ ਕਿਸੇ ਨੂੰ ਕਰਨ ਦਿੱਤਾ। ਕਾਂਗਰਸੀ ਆਗੂ ਅਨੁਸਾਰ ਉਨ੍ਹਾਂ ਆਪਣੇ ਹਲਕੇ ਦੇ ਨਾਲ-ਨਾਲ ਸਮੁੱਚਾ ਸਰਕਾਰੀ ਸਿਸਟਮ ਸੁਧਾਰਨ ’ਤੇ ਜ਼ੋਰ ਦਿੱਤਾ, ਜਿਸ ਕਾਰਨ ਕੁਝ ਆਗੂ ਉਨ੍ਹਾਂ ਨਾਲ ਨਾਰਾਜ਼ ਵੀ ਹੋਏ।
‘ਆਪ’ ਵੱਲੋਂ ਚੋਣ ਲੜ ਚੁੱਕੇ ਐੱਚਐੱਸ ਵਾਲੀਆ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਜਲੰਧਰ ਛਾਉਣੀ ਦੇ ਜਿਹੜੇ ਮੁੱਦੇ ਉਨ੍ਹਾਂ ਨੇ ਉਭਾਰੇ ਸਨ, ਉਹ ਅਜੇ ਵੀ ਬਰਕਰਾਰ ਹਨ। ਜਮਸ਼ੇਰ, ਸਮਰਾਏ ਤੇ ਜੰਡਿਆਲਾ, ਹਲਕੇ ਦੇ ਤਿੰਨ ਵੱਡੇ ਕਸਬੇ ਹਨ ਪਰ ਇਨ੍ਹਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਤਕ ਨਹੀਂ ਹਨ। ਫੋਲੜੀਵਾਲ ਸਰਕਾਰੀ ਸਕੂਲ ਸਾਢੇ ਤਿੰਨ ਏਕੜ ਵਿੱਚ ਬਣਿਆ ਹੈ ਪਰ ਉਥੇ ਅਧਿਆਪਕ ਨਹੀਂ ਹਨ। ਕੈਂਟ ਦੇ ਲੋਕਾਂ ਦੀ ਵੱਡੀ ਸਮੱਸਿਆ ਸੀ ਕਿ ਉਨ੍ਹਾਂ ਦੀਆਂ ਪਿਛਲੇ 50 ਸਾਲਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ। ਪਰਗਟ ਸਿੰਘ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ ਪਰ ਉਨ੍ਹਾਂ ਨੇ ਇਹ ਸਮੱਸਿਆ ਹੱਲ ਨਹੀਂ ਕਰਵਾਈ।
ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਸਰਬਜੀਤ ਸਿੰਘ ਮੱਕੜ ਨੇ ਦੱਸਿਆ ਕਿ ਛਾਉਣੀ ਹਲਕੇ ਦਾ ਵਿਕਾਸ ਅੱਜ ਵੀ ਠੱਪ ਪਿਆ ਹੈ। ਦੀਪ ਸਿੰਘ ਨਗਰ ਵਿਚ ਸੀਵਰੇਜ ਪੰਜ ਸਾਲ ਬੀਤਣ ’ਤੇ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਲੱਗਦੀਆਂ ਸੜਕਾਂ ਅਜੇ ਵੀ ਨਹੀਂ ਬਣੀਆਂ। 66 ਫੁੱਟੀ ਸੜਕ ’ਤੇ ਗੰਦੇ ਨਾਲੇ ਬਾਰੇ ਪ੍ਰਾਜੈਕਟ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਬਣਵਾਇਆ ਸੀ ਪਰ 2017 ਵਿਚ ਸਰਕਾਰ ਬਦਲ ਗਈ ਤਾਂ ਇਹ ਪ੍ਰਾਜੈਕਟ ਠੱਪ ਪਿਆ ਹੈ।