ਹਰਮੇਸ਼ਪਾਲ ਨੀਲੇਵਾਲ
ਜ਼ੀਰਾ, 19 ਦਸੰਬਰ
ਵਿਧਾਨ ਸਭਾ ਹਲਕਾ ਜ਼ੀਰਾ ਦੀ ਦਾਣਾ ਮੰਡੀ ’ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਸਿਆਸਤ ਨਿਜ਼ਾਮਸ਼ਾਹੀ ਘਰਾਣਿਆਂ ਤੋਂ ਬਾਹਰ ਆ ਗਈ ਹੈ ਅਤੇ ਲੋਕਾਂ ਦੀ ਉਨ੍ਹਾਂ ਦੇ ਬੂਹਿਆਂ ’ਤੇ ਜਾ ਕੇ ਸੇਵਾ ਕਰ ਰਹੀ ਹੈ। ਉਹ ਇੱਥੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੂੰ ਇਸ ਮੌਕੇ ‘ਵਿਸ਼ਵਾਸ-ਏ-ਪੰਜਾਬ’ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਇੱਥੇ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦੇਣ ਵਾਲੇ ਸੁਖਬੀਰ-ਮਜੀਠੀਆ ਗੱਠਜੋੜ ਨੇ ਸਦੀ ਪੁਰਾਣੀ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਨਹੀਂ ਜਾਣਦੇ। ਉਹ ਸਿਰਫ ਗਾਰੰਟੀਆਂ ਹੀ ਦੇ ਸਕਦੇ ਹਨ, ਪਰ ਕਰ ਕੁਝ ਵੀ ਨਹੀਂ ਸਕਦੇ। ਇਸ ਮੌਕੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ, ਪਰ ਅਮਲ ਵਿੱਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ 4.5 ਸਾਲ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਭਲਾਈ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਤੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਕਿਸਾਨ ਵਿਰੋਧੀ ਪਾਰਟੀ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਹੈ।
ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਕਾਸ ਪੱਖੀ ਕਦਮ ਚੁੱਕ ਕੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ। ਚੰਨੀ ਨੇ ਜ਼ੀਰਾ ਹਲਕੇ ਵਿੱਚ ਤਕਰੀਬਨ 87 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ। ਮੁੱਖ ਮੰਤਰੀ ਨੰਬਰਦਾਰੀ ਪ੍ਰਣਾਲੀ ਨੂੰ ਖ਼ਾਨਦਾਨੀ ਬਣਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਵਿੱਚੋਂ 5.5 ਏਕੜ ਵਿੱਚ ਬਣਨ ਵਾਲੇ ਸਿਵਲ ਹਸਪਤਾਲ ਲਈ 50 ਕਰੋੜ ਰੁਪਏ, ਪ੍ਰਬੰਧਕੀ ਕੰਪਲੈਕਸ ਲਈ 12 ਕਰੋੜ ਰੁਪਏ, ਮੱਖੂ ਵਿਖੇ ਬੱਸ ਸਟੈਂਡ ਬਣਾਉਣ ਲਈ 6.50 ਕਰੋੜ ਰੁਪਏ ਅਤੇ ਸਵਰਗੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੇ ਨਾਮ ’ਤੇ ਬਣਨ ਵਾਲੀ ਆਈਟੀਆਈ ਤੇ 12.50 ਕਰੋੜ ਰੁਪਏ, ਨਵੀਂ ਬਣਾਈ ਗਈ ਸਬ-ਤਹਿਸੀਲ ਮੱਲਾਂਵਾਲਾ ਲਈ 5.85 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਕੀਤੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਜ਼ੀਰਾ ’ਚ ਸਟੇਡੀਅਮ ਲਈ 1 ਕਰੋੜ ਰੁਪਏ ਅਤੇ ਮੱਖੂ ਡਰੇਨ ਦੀ ਸਫ਼ਾਈ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ
ਪੱਟੀ (ਬੇਅੰਤ ਸਿੰਘ ਸੰਧੂ): ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਕਰਵਾਈ ਗਈ ਸਿਆਸੀ ਰੈਲੀ ’ਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਚੋਣਾਂ ਨੇੜੇ ਕੁਝ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਜਿਸ ਤੋਂ ਸੁਚੇਤ ਰਹਿਣ ਜ਼ਰੂਰਤ ਹੈ। ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਸਾਂਝ ਨੂੰ ਫ਼ਿਰਕਾਪ੍ਰਸਤੀ ਦੱਸਦਿਆਂ ਕਿਹਾ ਕਿ ਭਾਜਪਾ ਹੱਥੋਂ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ ਦੇ ਹੁੰਦਿਆਂ ਅਕਾਲੀ ਦਲ ਪੰਜਾਬ ਅੰਦਰ ਅੱਗੇ ਨਹੀਂ ਵਧ ਸਕੇਗਾ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਅੰਗਰੇਜ਼ੀ ਸ਼ਾਸਕਾਂ ਵਾਂਗ ਦਿੱਲੀ ਤੋਂ ਕੇਜਰੀਵਾਲ ਪੰਜਾਬ ਨੂੰ ਲੁੱਟਣ ਆ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੱਟੀ ਹਲਕੇ ਦੇ ਵਿਕਾਸ ਲਈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਤਾਂਬੇ ਦਾ ਬੁੱਤ ਉਸਾਰਨ ਲਈ 25 ਲੱਖ ਰੁਪਏ ਅਤੇ ਹਲਕੇ ਦੇ ਪੇਂਡੂ ਇਲਾਕੇ ਵਿਕਾਸ ਲਈ 10 ਕਰੋੜ ਤੇ ਸ਼ਹਿਰੀ ਇਲਾਕੇ ਵਿਕਾਸ ਲਈ 5 ਕਰੌੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕੈਰੋਂ ਪਿੰਡ ਦੇ ਵਿਕਾਸ ਲਈ 2 ਕਰੌੜ ਰੁਪਏ ਵੱਖਰੇ ਦੇਣ ਦਾ ਐਲਾਨ ਕੀਤਾ ਗਿਆ।