ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਮਾਰਚ
ਇਥੋਂ ਦੇ ਨੇਚਰ ਪਾਰਕ ਵਿੱਚ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ। ਇਸ ਦੌਰਾਨ ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਸੁਖਜਿੰਦਰ ਮਹੇਸਰੀ, ਗੁਰਬਚਨ ਸਿੰਘ ਚੰਨੂ ਵਾਲਾ, ਪਰਮਜੀਤ ਸਿੰਘ ਬੱਡੂਵਾਲ ਅਤੇ ਹਰਮੰਦਰ ਸਿੰਘ ਭਾਗੀਕੇ ਨੇ ਕਿਹਾ ਕਿ ਪੰਜਾਬ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਕਿਸਾਨੀ ਸੰਘਰਸ਼ ਦਾ ਸਹਾਰਾ ਲੈ ਕੇ ਵਿਧਾਨ ਸਭਾ ਚੋਣਾਂ ਲਈ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ, ਸਭਾਵਾਂ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਗਮਾਂ ਦਾ ਸੰਯੁਕਤ ਕਿਸਾਨ ਮੋਰਚਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਸਿਆਸੀ ਪਾਰਟੀ ਨੇ ਚੋਣ ਸਰਗਰਮੀਆਂ ਕਰਨੀਆਂ ਹਨ ਤਾਂ ਉਹ ਸਿੱਧੇ ਤੌਰ ’ਤੇ ਕਰਨ। ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦਾ ਸਹਾਰਾ ਨਹੀਂ ਲੈਣਾ ਚਾਹੀਦਾ।
ਇਸ ਦੌਰਾਨ ਉਨ੍ਹਾਂ 26 ਮਾਰਚ ਨੂੰ ‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਕਰਨ ਅਤੇ ਮੋਗਾ ਦੇ ਮੁੱਖ ਚੌਕ ਵਿੱਚ ਹੋ ਰਹੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਭਾਰਤ ਬੰਦ’ ਦਾ ਸੱਦਾ ਭਾਜਪਾ ਹਕੂਮਤ ਵੱਲੋਂ ਥੋਪੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸਾਰੇ ਵਰਗਾਂ ਦੇ ਲੋਕਾਂ ਦਾ ਸਾਂਝਾ ਰੋਹ ਹੈ। ਕਿਸਾਨ ਆਗੂਆਂ ਨੇ ਫ਼ਸਲ ਖਰੀਦ ਸਬੰਧੀ ਮੋਦੀ ਸਰਕਾਰ ਵੱਲੋਂ ਥੋਪੀਆਂ ਗਈਆਂ ਨਵੀਆਂ ਸ਼ਰਤਾਂ ਦੀ ਨਿਖੇਧੀ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ। ਉਨ੍ਹਾਂ ਤਿੰਨੇ ਕਾਨੂੰਨ ਪੂਰਨ ਤੌਰ ’ਤੇ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਵਿੱਚ ਕੁਝ ਵੀ ਕਿਸਾਨ ਪੱਖੀ, ਲੋਕ ਪੱਖੀ ਜਾਂ ਦੇਸ਼ ਪੱਖੀ ਨਹੀਂ ਹੈ। ਕੇਂਦਰੀ ਸਰਕਾਰ ਦੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਲਈ ਕੀਤੀ ਜਾ ਰਹੀ ਸਰਕਾਰੀ ਦਲਾਲੀ ਦੇ ਦਸਤਾਵੇਜ਼ ਹਨ। ਇਸ ਲਈ ਕਿਸਾਨੀ ਦਾ ਕੋਈ ਵੀ ਹਮਦਰਦ ਇਨ੍ਹਾਂ ਕਾਨੂੰਨਾਂ ਨਾਲ ਰੱਤੀ ਭਰ ਵੀ ਸਹਿਮਤੀ ਨਹੀਂ ਜਤਾ ਸਕਦਾ।