ਚਰਨਜੀਤ ਭੁੱਲਰ
ਚੰਡੀਗੜ੍ਹ, 9 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਕਾਂਗਰਸ ਦੇ ਸਟਾਰ ਪ੍ਰਚਾਰਕ ਹਾਲੇ ਕੁੱਦੇ ਨਹੀਂ ਹਨ| ਪੰਜਾਬ ਕਾਂਗਰਸ ਦੇ ‘ਜਰਨੈਲ’ ਖ਼ੁਦ ਹੀ ਆਪਣੇ ਹਲਕਿਆਂ ਵਿਚ ਵਾਹੋਦਾਹੀ ਲੱਗੇ ਹੋਏ ਹਨ| ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਵਿਚ ਪ੍ਰਚਾਰ ਮਘਾ ਦਿੱਤਾ ਹੈ ਪਰ ਉਨ੍ਹਾਂ ਨੂੰ ਵਾਰ-ਵਾਰ ਆਪਣੇ ਹਲਕੇ ਭਦੌੜ ਅਤੇ ਚਮਕੌਰ ਸਾਹਿਬ ਦਾ ਗੇੜਾ ਮਾਰਨਾ ਪੈ ਰਿਹਾ ਹੈ| ਸਟਾਰ ਪ੍ਰਚਾਰਕ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਰਿਸ਼ਤੇਦਾਰ ਨੂੰ ਜਿਤਾਉਣ ਲਈ ਹਲਕਾ ਸਰਦੂਲਗੜ੍ਹ ਵਿਚ ਜ਼ਿਆਦਾ ਸਮਾਂ ਦੇਣਾ ਪੈ ਰਿਹਾ ਹੈ|
ਵੱਡੀ ਸਿਆਸੀ ਮਾਰ ਨਵਜੋਤ ਸਿੱਧੂ ਦੇ ਨੇੜਲੇ ਉਮੀਦਵਾਰਾਂ ਨੂੰ ਪੈ ਰਹੀ ਹੈ ਜਿਨ੍ਹਾਂ ਨੂੰ ਕਾਂਗਰਸੀ ਟਿਕਟ ਨਵਜੋਤ ਸਿੱਧੂ ਦੀ ਹੀ ਬਦੌਲਤ ਮਿਲੀ ਹੈ| ਹਲਕਾ ਅਮਰਗੜ੍ਹ ਤੋਂ ਨਵਜੋਤ ਸਿੱਧੂ ਦਾ ਭਤੀਜਾ ਸਮਿਤ ਸਿੰਘ ਚੋਣ ਮੈਦਾਨ ਵਿਚ ਹੈ| ਨਵਜੋਤ ਸਿੱਧੂ ਉਸ ਦੇ ਚੋਣ ਪ੍ਰਚਾਰ ਵਿਚ ਸਿਰਫ਼ ਇੱਕ ਦਿਨ ਆ ਸਕੇ ਹਨ ਅਤੇ ਇੱਕ ਦਿਨ ਪੰਜਾਬ ਇੰਚਾਰਜ ਹਰੀਸ਼ ਚੌਧਰੀ ਕੱਢ ਸਕੇ ਹਨ| ਮਾਨਸਾ ਤੋਂ ਸਿੱਧੂ ਮੂਸੇਵਾਲਾ ਦੀ ਚੋਣ ਮੁਹਿੰਮ ਵਿਚ ਹਾਲੇ ਤੱਕ ਨਵਜੋਤ ਸਿੱਧੂ ਨੇ ਪੈਰ ਨਹੀਂ ਪਾਇਆ ਹੈ| ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਦੀ ਚੋਣ ਮੁਹਿੰਮ ਵਿੱਚ ਵੀ ਸਿੱਧੂ ਨਹੀਂ ਜਾ ਸਕੇ ਹਨ|
ਬਟਾਲਾ ਹਲਕੇ ਵਿਚ ਵੀ ਨਵਜੋਤ ਸਿੱਧੂ ਨਹੀਂ ਗਏ ਹਨ ਜਿੱਥੇ ਅਸ਼ਵਨੀ ਸੇਖੜੀ ਨੂੰ ਟਿਕਟ ਦਿਵਾਉਣ ਵਿਚ ਸਿੱਧੂ ਦੀ ਭੂਮਿਕਾ ਰਹੀ ਹੈ| ਨਵਜੋਤ ਸਿੱਧੂ ਦਾ ਆਪਣਾ ਪੇਚ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਫਸ ਗਿਆ ਹੈ ਜਿਸ ਕਰ ਕੇ ਉਨ੍ਹਾਂ ਨੂੰ ਹਲਕੇ ’ਚੋਂ ਨਿਕਲਣਾ ਔਖਾ ਹੋ ਗਿਆ ਹੈ| ਹਲਕਾ ਗਿੱਦੜਬਾਹਾ ਵਿਚ ਰਾਜਾ ਵੜਿੰਗ ਦੀ ਸਖ਼ਤ ਟੱਕਰ ਬਣੀ ਹੋਈ ਹੈ। ਇਸ ਕਰ ਕੇ ਉਹ ਆਪਣੇ ਨੇੜਲੇ ਉਮੀਦਵਾਰ ਸਾਥੀਆਂ ਦੇ ਚੋਣ ਪ੍ਰਚਾਰ ਵਿਚ ਵੀ ਨਹੀਂ ਜਾ ਸਕੇ ਹਨ| ਕਾਂਗਰਸ ਦੇ ਕੇਂਦਰੀ ਲੀਡਰਸ਼ਿਪ ਵਿਚਲੇ ਸਟਾਰ ਪ੍ਰਚਾਰਕ ਨੇ ਹਾਲੇ ਪੰਜਾਬ ਚੋਣਾਂ ਵਿਚ ਪੈਰ ਨਹੀਂ ਪਾਇਆ ਹੈ| ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੀ ਕਿਸੇ ਹਲਕੇ ਵਿਚ ਨਹੀਂ ਗਏ ਹਨ|
ਦੂਜੀ ਤਰਫ਼, ਭਾਜਪਾ ਦੇ ਸਟਾਰ ਪ੍ਰਚਾਰਕ ਪੰਜਾਬ ਦੇ ਹਲਕਿਆਂ ਵਿਚ ਕੁੱਦੇ ਹੋਏ ਹਨ ਅਤੇ ਕੇਂਦਰੀ ਵਜ਼ੀਰ ਚੋਣ ਪ੍ਰਚਾਰ ਕਰ ਰਹੇ ਹਨ| ‘ਆਪ’ ਦੇ ਭਗਵੰਤ ਮਾਨ ਰੋਜ਼ਾਨਾ ਰੈਲੀਆਂ ਕਰ ਰਹੇ ਹਨ| ਦੋ ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਵਿਚ ਚੋਣ ਪ੍ਰਚਾਰ ਲਈ ਪੁੱਜ ਰਹੇ ਹਨ। ਦਿੱਲੀ ਦੇ ਮੰਤਰੀ ਵੀ ਅਲੱਗ-ਅਲੱਗ ਹਲਕਿਆਂ ਵਿਚ ਜਾਣਗੇ|
ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਤਾਂ ਦੋ ਦਫ਼ਾ ਪੰਜਾਬ ਆ ਚੁੱਕੇ ਹਨ ਪਰ ਹੋਰ ਕੋਈ ਵੱਡਾ ਨੇਤਾ ਨਹੀਂ ਆਇਆ ਹੈ| ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਜਿਨ੍ਹਾਂ ਨੇ ਸੂਬੇ ਵਿਚ ਜ਼ਿਆਦਾ ਪ੍ਰਚਾਰ ਕਰਨਾ ਸੀ, ਉਹ ਆਪਣੇ ਹਲਕੇ ਤੱਕ ਸੀਮਿਤ ਹੋ ਕੇ ਰਹਿ ਗਏ ਹਨ| ਦੂਜੇ ਪਾਸੇ, ਦੇਖਿਆ ਜਾਵੇ ਤਾਂ ਬਸਪਾ ਦੀ ਸੁਪਰੀਮੋ ਮਾਇਆਵਤੀ ਵੀ ਪੰਜਾਬ ਵਿਚ ਵੱਡੀ ਰੈਲੀ ਨੂੰ ਸੰਬੋਧਨ ਕਰ ਕੇ ਗਏ ਹਨ। 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਚੋਣ ਪ੍ਰਚਾਰ ਲਈ ਆ ਰਹੇ ਹਨ|
ਅਮ੍ਰਿਤ ਗਿੱਲ ਕਾਂਗਰਸ ਦੀ ‘ਛੁਪੀ ਰੁਸਤਮ’
ਪੰਜਾਬ ਕਾਂਗਰਸ ਕੋਲ ਦਰਜਨਾਂ ਅਜਿਹੇ ਛੁਪੇ ਰੁਸਤਮ ਹਨ ਜੋ ਕਿਸੇ ਸਟਾਰ ਪ੍ਰਚਾਰਕ ਨਾਲੋਂ ਘੱਟ ਨਹੀਂ ਹਨ| ਪੰਜਾਬ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਅਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਕੋਲ ਦਰਜਨ ਅਜਿਹੇ ਸਟਾਰ ਪ੍ਰਚਾਰਕ ਵੀ ਹਨ, ਜੋ ਆਪਣੇ ਤੌਰ ’ਤੇ ਹਲਕਿਆਂ ਵਿਚ ਪ੍ਰਚਾਰ ਲਈ ਜੁਟੇ ਹੋਏ ਹਨ| ਉਨ੍ਹਾਂ ਦੱਸਿਆ ਕਿ ਉਹ ਖ਼ੁਦ ਸਾਹਨੇਵਾਲ ਹਲਕੇ ਵਿਚ ਕਾਂਗਰਸੀ ਉਮੀਦਵਾਰ ਵਿਕਰਮ ਬਾਜਵਾ ਦੀ ਚੋਣ ਮੁਹਿੰਮ ਵਿਚ ਰੋਜ਼ਾਨਾ ਪ੍ਰਚਾਰ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਸੱਦਿਆ ਜਾਂਦਾ ਹੈ, ਉਹ ਪ੍ਰਚਾਰ ਲਈ ਜਾ ਰਹੇ ਹਨ|