ਚਰਨਜੀਤ ਭੁੱਲਰ
ਚੰਡੀਗੜ੍ਹ, 2 ਫਰਵਰੀ
ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਰੀਬ ਢਾਈ ਦਹਾਕੇ ਮਗਰੋਂ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੀ ਰਫ਼ਤਾਰ ਘਟੀ ਹੈ। 1985 ਦੀਆਂ ਚੋਣਾਂ ਤੱਕ ਨਾਮਜ਼ਦਗੀ ਪੱਤਰ ਰੱਦ ਹੋਣ ਦਾ ਅੰਕੜਾ ਬਹੁਤ ਛੋਟਾ ਰਿਹਾ ਹੈ। ਅਚਾਨਕ 1997 ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਦੀ ਦਰ ਵਧਣੀ ਸ਼ੁਰੂ ਹੋ ਗਈ, ਜੋ 2017 ਤੱਕ ਜਾਰੀ ਰਹੀ। ਮੌਜੂਦਾ ਪੰਜਾਬ ਚੋਣਾਂ ਲਈ 117 ਵਿਧਾਨ ਸਭਾ ਹਲਕਿਆਂ ਤੋਂ 2252 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ’ਚੋਂ 504 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਹਨ, ਜੋ 22.38 ਫ਼ੀਸਦ ਬਣਦੇ ਹਨ।
ਆਜ਼ਾਦ ਭਾਰਤ ਦੀ ਪੰਜਾਬ ਦੀ ਦੂਸਰੀ ਅਸੈਂਬਲੀ ਚੋਣ ਵਿੱਚ ਸਭ ਤੋਂ ਵੱਧ 48.64 ਫ਼ੀਸਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਸਨ ਤੇ ਇਹ ਰਿਕਾਰਡ ਅੱਜ ਤੱਕ ਕਾਇਮ ਹੈ। 1977 ਦੀਆਂ ਅਸੈਂਬਲੀ ਚੋਣਾਂ ਮੌਕੇ ਸਭ ਤੋਂ ਘੱਟ 1.44 ਫ਼ੀਸਦ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸਨ। ਸਿਆਸੀ ਮਾਹਰ ਆਖਦੇ ਹਨ ਕਿ ਨਾਮਜ਼ਦਗੀ ਪੱਤਰਾਂ ’ਚ ਕਾਗਜ਼ ਰੱਦ ਹੋਣ ਦਾ ਕਾਰਨ ਤਕਨੀਕੀ ਨੁਕਸ ਬਣਦਾ ਹੈ। ਬੇਸ਼ੱਕ ਸਿਆਸੀ ਚੇਤਨਤਾ ਤੇ ਕਾਨੂੰਨੀ ਸਮਝ ਉਮੀਦਵਾਰਾਂ ’ਚ ਵਧੀ ਹੈ, ਪਰ ਫਿਰ ਵੀ ਛੋਟੀ ਜਿਹੀ ਗ਼ਲਤੀ ਵੀ ਅੜਿੱਕਾ ਬਣ ਜਾਂਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਪ੍ਰਮੁੱਖ ਸਿਆਸੀ ਧਿਰਾਂ ਦੇ ਨਾਮਜ਼ਦਗੀ ਪੱਤਰ ਠੀਕ ਹੀ ਪਾਏ ਜਾਂਦੇ ਹਨ, ਜਦਕਿ ਆਜ਼ਾਦ ਉਮੀਦਵਾਰ ਇਸ ਮਾਮਲੇ ’ਚ ਮਾਰ ਖਾ ਜਾਂਦੇ ਹਨ।
ਰਾਜਸੀ ਅੰਕੜਾ ਵੇਖੀਏ ਤਾਂ 1985 ਵਿੱਚ 2175 ਉਮੀਦਵਾਰਾਂ ’ਚੋਂ ਸਿਰਫ਼ 63 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸਨ, ਜਿਨ੍ਹਾਂ ਦੀ ਦਰ 2.89 ਫ਼ੀਸਦ ਬਣਦੀ ਹੈ। ਉਸ ਮਗਰੋਂ 1997 ਵਿੱਚ ਇਹ ਦਰ 23.84 ਫ਼ੀਸਦ ’ਤੇ ਪੁੱਜ ਗਈ। ਉਸ ਮਗਰੋਂ ਇਹ ਰਫ਼ਤਾਰ ਇਸੇ ਤਰ੍ਹਾਂ ਬਣੀ ਰਹੀ। 2002 ਦੀਆਂ ਚੋਣਾਂ ਵਿੱਚ 1511 ਉਮੀਦਵਾਰਾਂ ’ਚੋਂ 376 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸਨ ਜਦਕਿ 2007 ਦੀਆਂ ਚੋਣਾਂ ਵਿੱਚ 1661 ’ਚੋਂ 449 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਸਨ, ਜੋ 27.03 ਫ਼ੀਸਦ ਬਣਦੇ ਹਨ।
ਇਸੇ ਤਰ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ’ਚ 1731 ’ਚੋਂ 464 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਸਨ, ਜੋ 26.80 ਫ਼ੀਸਦ ਬਣਦੇ ਹਨ। ਪਿਛਲੀ ਚੋਣ ਵਿੱਚ 30.23 ਫ਼ੀਸਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ। ਐਤਕੀਂ ਇਹ ਦਰ 22.38 ਫ਼ੀਸਦ ਹੈ। ਇਸ ਲਿਹਾਜ਼ ਨਾਲ ਪਿਛਲੀ ਚੋਣ ਨਾਲੋਂ ਕਾਗਜ਼ ਰੱਦ ਹੋਣ ਵਿੱਚ ਕਰੀਬ 8 ਫ਼ੀਸਦ ਦੀ ਕਮੀ ਆਈ ਹੈ। 2017 ਦੀਆਂ ਚੋਣਾਂ ਵਿੱਚ 216 ਮਹਿਲਾ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ। ਇਸ ਤੋਂ ਇਲਾਵਾ 1972 ਤੇ 1977 ਦੀਆਂ ਚੋਣਾਂ ਵਿੱਚ ਸਿਰਫ਼ ਇੱਕ ਇੱਕ ਮਹਿਲਾ ਉਮੀਦਵਾਰ ਨੂੰ ਕਾਗ਼ਜ਼ ਰੱਦ ਹੋਣ ਕਰਕੇ ਨਮੋਸ਼ੀ ਝੱਲਣੀ ਪਈ ਸੀ।
ਆਜ਼ਾਦ ਭਾਰਤ ਦੀ ਪਹਿਲੀ ਅਸੈਂਬਲੀ ਚੋਣ 1952 ਵਿੱਚ ਹੋਈ, ਜਦੋਂ 1527 ਚੋਂ 77 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਸਨ। ਪੰਜਾਬੀ ਸੂਬਾ ਬਣਨ ਮਗਰੋਂ ਹੋਈ ਪਹਿਲੀ 1967 ਦੀ ਚੋਣ ਵਿੱਚ 879 ’ਚੋਂ 26 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਸਨ।
ਵੀਆਈਪੀ ਹਲਕੇ: ਇੱਕ ਝਾਤ
ਵੀਆਈਪੀ ਹਲਕਿਆਂ ’ਤੇ ਨਜ਼ਰ ਮਾਰੀਏ ਤਾਂ ਐਤਕੀਂ ਚੋਣਾਂ ਵਿੱਚ ਲੰਬੀ ਹਲਕੇ ’ਚ 17 ’ਚੋਂ 6 ਜਣਿਆਂ ਦੇ ਕਾਗਜ਼ ਰੱਦ ਹੋਏ ਹਨ, ਜਦਕਿ ਜਲਾਲਾਬਾਦ ’ਚ 21 ’ਚੋਂ 4 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ। ਹਲਕਾ ਅੰਮ੍ਰਿਤਸਰ ਪੂਰਬੀ ਵਿੱਚ 15 ’ਚੋਂ ਚਾਰ ਤੇ ਹਲਕਾ ਭਦੌੜ ਵਿੱਚ 20 ’ਚੋਂ 7 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ। ਪਟਿਆਲਾ ਸ਼ਹਿਰੀ ਵਿੱਚ 28 ’ਚੋਂ 10 ਉਮੀਦਵਾਰਾਂ ਤੇ ਹਲਕਾ ਰਾਮਪੁਰਾ ਫੂਲ ਵਿੱਚ 29 ’ਚੋਂ 10 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ’ਚ ਐੱਮਪੀ ਜਸਬੀਰ ਸਿੰਘ ਡਿੰਪਾ ਦੇ ਭਰਾ ਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਦੇ ਕਾਗਜ਼ ਵੀ ਰੱਦ ਹੋ ਗਏ ਹਨ।