ਚਰਨਜੀਤ ਭੁੱਲਰ
ਚੰਡੀਗੜ੍ਹ, 1 ਮਾਰਚ
ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਪੰਜਾਬ ’ਚ ਸਿਆਸੀ ਹਲਚਲ ਤੇਜ਼ ਹੋਣ ਲੱਗੀ ਹੈ। ਸੰਭਾਵੀ ਚੋਣ ਨਤੀਜੇ ਕੀ ਹੋਣਗੇ, ਇਸ ਨੂੰ ਲੈ ਕੇ ਰਾਜਸੀ ਧਿਰਾਂ ਨੇ ਜੋੜ-ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ ਵੋਟਾਂ ਪੈਣ ਮਗਰੋਂ ਇੱਕ ਸਰਵੇਖਣ ਕਰਵਾਇਆ ਹੈ, ਜਿਸ ਨੂੰ ਲੈ ਕੇ ‘ਆਪ’ ਆਗੂ ਆਸਵੰਦ ਜਾਪਦੇ ਹਨ। ਇਸੇ ਦੌਰਾਨ ਸੱਟਾ ਬਾਜ਼ਾਰ ਵੱਲੋਂ ਲਾਏ ਅਨੁਮਾਨ ਨੂੰ ਵੀ ਸਿਆਸੀ ਆਗੂ ਨੇੜਿਓਂ ਦੇਖ ਰਹੇ ਹਨ।
ਭਾਜਪਾ ਨੇ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਸਿਆਸੀ ਮੰਥਨ ਲਈ 3 ਮਾਰਚ ਨੂੰ ਚੰਡੀਗੜ੍ਹ ਵਿਚ ਮੀਟਿੰਗ ਸੱਦੀ ਹੈ। ਪੰਜਾਬ ਲੋਕ ਕਾਂਗਰਸ ਦੇ ਸੰਭਾਵੀ ਜੇਤੂ ਉਮੀਦਵਾਰਾਂ, ਜੋ ਦੂਸਰੇ ਰਾਜਾਂ ਵਿਚ ਸੈਰ-ਸਪਾਟੇ ਲਈ ਗਏ ਹਨ, ਨੂੰ ਵੀ 5 ਮਾਰਚ ਤੱਕ ਵਾਪਸ ਆਉਣ ਦੀ ਹਦਾਇਤ ਕੀਤੀ ਗਈ ਹੈ। ਸੂਤਰਾਂ ਅਨੁਸਾਰ ਕਾਫ਼ੀ ਉਮੀਦਵਾਰ ਪਰਿਵਾਰਾਂ ਸਮੇਤ ਘੁੰਮਣ ਗਏ ਹਨ, ਜੋ ਚੋਣ ਨਤੀਜਿਆਂ ਤੋਂ ਪਹਿਲਾਂ ਵਾਪਸ ਆ ਜਾਣਗੇ। ਇਸੇ ਦੌਰਾਨ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਕਾਂਗਰਸ ਦੇ ਉਮੀਦਵਾਰਾਂ ਲਈ ਰਾਜਸਥਾਨ ਦੇ ਹੋਟਲਾਂ ਵਿਚ ਬੁਕਿੰਗ ਹੋ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਭ ਨੂੰ ਅਫ਼ਵਾਹਾ ਕਰਾਰ ਦਿੱਤਾ ਹੈ। ਸੂਤਰ ਆਖਦੇ ਹਨ ਕਿ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਲੀ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦੇ ਇਹ ਮਾਅਨੇ ਕੱਢੇ ਜਾ ਰਹੇ ਹਨ ਕਿ ਹਾਈਕਮਾਨ ਨੇ ਗਹਿਲੋਤ ਦੀ ਡਿਊਟੀ ਪੰਜਾਬ ਦੇ ਸੰਭਾਵੀ ਜੇਤੂ ਉਮੀਦਵਾਰਾਂ ਨੂੰ ਰਾਜਸਥਾਨ ਵਿਚ ਸਾਂਭਣ ’ਤੇ ਲਾਈ ਹੈ।
ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਹੋ ਸਕਦਾ ਹੈ ਕਿ ਦੋ-ਚਾਰ ਉਮੀਦਵਾਰ ਸੈਰ-ਸਪਾਟੇ ਲਈ ਰਾਜਸਥਾਨ ਗਏ ਹੋਣ, ਜਿਸ ਨੂੰ ਵਿਰੋਧੀਆਂ ਨੇ ਗ਼ਲਤ ਰੰਗਤ ਦੇ ਦਿੱਤੀ ਹੈ। ਇਹ ਚਰਚੇ ਜ਼ਰੂਰ ਹਨ ਕਿ ਵੋਟਾਂ ਪੈਣ ਤੋਂ 9 ਦਿਨਾਂ ਮਗਰੋਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਰਸਮੀ ਤੌਰ ’ਤੇ ਆਗੂਆਂ ਦੀ ਕੋਈ ਮੀਟਿੰਗ ਨਹੀਂ ਬੁਲਾਈ ਹੈ। ਚੰਨੀ ਵੀ ਕੁਝ ਦਿਨਾਂ ਤੋਂ ਗ਼ਾਇਬ ਦੱਸੇ ਜਾ ਰਹੇ ਹਨ ਜਦਕਿ ਉਨ੍ਹਾਂ ਦਾ ਇੱਕ ਭਰਾ ਸ਼ਿਮਲਾ ਤੇ ਦੂਸਰਾ ਭਰਾ ਗੋਆ ਦੀ ਸੈਰ ’ਤੇ ਗਏ ਹੋਏ ਹਨ। ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਚੋਣ ਨਤੀਜਿਆਂ ਸਬੰਧੀ ਆਪਣੇ ਨੇੜਲਿਆਂ ਨਾਲ ਮੀਟਿੰਗ ਕੀਤੀ ਹੈ।
ਚੰਨੀ ਤੇ ਮਜੀਠੀਆ ’ਚ ਅਨੋਖੀ ਸਾਂਝ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਸਿਆਸੀ ਪਾਰਟੀਆਂ ਬੇਸ਼ੱਕ ਵੱਖ ਵੱਖ ਹਨ ਪਰ ਦੋਵਾਂ ਵਿਚਾਲੇ ਕੁਝ ਗੱਲਾਂ ਕਰਕੇ ਸਾਂਝ ਹੈ। ਮੁੱਖ ਮੰਤਰੀ ਚੰਨੀ ਤੇ ਮਜੀਠੀਆ ਦਾ ਜਨਮ ਦਿਨ ਇੱਕੋ ਹੈ। ਚੰਨੀ ਵੀ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ ਅਤੇ ਮਜੀਠੀਆ ਵੀ। ਚੰਨੀ ਨੇ ਵੀ 2007 ਵਿਚ ਪਹਿਲੀ ਚੋਣ ਲੜੀ ਅਤੇ ਮਜੀਠੀਆ ਨੇ ਵੀ। ਇਸੇ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਵੀ ਅੱਜ ਚੰਨੀ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਹਨ।
ਕਾਂਗਰਸ ਉਮੀਦਵਾਰਾਂ ਬਾਰੇ ਦਾਅਵੇ ਨਿਰਆਧਾਰ: ਹਰੀਸ਼ ਚੌਧਰੀ
ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਵਿਰੋਧੀਆਂ ਵੱਲੋਂ ਕਾਂਗਰਸੀ ਉਮੀਦਵਾਰਾਂ ਨੂੰ ਰਾਜਸਥਾਨ ਦੇ ਹੋਟਲਾਂ ’ਚ ਰੱਖਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਅਫਵਾਹ ਦੱਸਿਆ ਅਤੇ ਦਾਅਵੇ ਨਾਲ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਮੁੜ ਸਰਕਾਰ ਬਣਾਏਗੀ। ਜ਼ਿਕਰਯੋਗ ਹੈ ਕਿ ਹਰੀਸ਼ ਚੌਧਰੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਸੂਬੇ ਰਾਜਸਥਾਨ ਗਏ ਹੋਏ ਹਨ।